ਸੂਰਤ ਰੇਪ: ਅਜੇ ਤੱਕ ਬੱਚੀ ਦੀ ਪਛਾਣ ਨਹੀਂ, ਸੜਕਾਂ ''ਤੇ ਉਤਰੇ ਲੋਕ, ਐਲਾਨ ਕੀਤੇ ਇਨਾਮ

04/16/2018 10:42:23 AM

ਸੂਰਤ— ਜੰਮੂ-ਕਸ਼ਮੀਰ ਦੇ ਕਠੁਆ 'ਚ ਇਕ ਬੱਚੀ ਨਾਲ ਰੇਪ ਅਤੇ ਬੇਰਹਿਮੀ ਨਾਲ ਕਤਲ ਦੀ ਖਬਰ ਨਾਲ ਜਿੱਥੇ ਅਜੇ ਪੂਰਾ ਦੇਸ਼ ਗੁੱਸੇ 'ਚ ਸੀ, ਉੱਥੇ ਹੀ ਗੁਜਰਾਤ ਦੇ ਸੂਰਤ 'ਚ 11 ਸਾਲਾ ਬੱਚੀ ਨਾਲ ਅਜਿਹਾ ਹੀ ਮਾਮਲਾ ਸਾਹਮਣੇ ਆ ਗਿਆ ਹੈ। ਪੂਰੇ ਰਾਜ 'ਚ ਇਸ ਅਣਜਾਣ ਬੱਚੀ ਨਾਲ ਹੋਈ ਇਸ ਭਿਆਨਕ ਘਟਨਾ ਨਾਲ ਲੋਕ ਗੁੱਸੇ 'ਚ ਹਨ ਅਤੇ ਇਸ ਦਾ ਵਿਰੋਧ ਹੋ ਰਿਹਾ ਹੈ। ਆਮ ਨਾਗਰਿਕ ਤੋਂ ਲੈ ਕੇ ਪੁਲਸ ਪ੍ਰਸ਼ਾਸਨ ਨੇ ਬੱਚੀ ਨਾਲ ਰੇਪ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਲਈ ਇਨਾਮ ਦਾ ਐਲਾਨ ਕਰ ਦਿੱਤਾ ਹੈ। ਉਦਯੋਗਪਤੀ ਆਨੰਦ ਮਹਿੰਦਰਾ ਨੇ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੀ ਤਲਾਸ਼ ਅਜੇ ਜਾਰੀ ਹੈ। ਪੁਲਸ ਸਰਗਰਮੀ ਨਾਲ ਦੋਸ਼ੀਆਂ ਦੀ ਖੋਜ ਕਰ ਰਹੀ ਹੈ। ਅਜੇ ਤੱਕ ਪੀੜਤ ਬੱਚੀ ਦੀ ਪਛਾਣ ਵੀ ਨਹੀਂ ਹੋ ਸਕੀ ਹੈ। ਪੁਲਸ ਨੇ 20 ਹਜ਼ਾਰ ਰੁਪਏ ਦਾ ਇਨਾਮ ਬੱਚੀ ਬਾਰੇ ਜਾਣਕਾਰੀ ਦੇਣ ਲਈ ਰੱਖਿਆ ਹੈ, ਪੋਸਟਰ ਲਗਵਾਏ ਹਨ ਅਤੇ ਕਈ ਟੀਮਾਂ ਸੁਰਾਗ ਜੁਟਾਉਣ 'ਚ ਲੱਗ ਚੁਕੀਆਂ ਹਨ ਪਰ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਮਾਸੂਮ ਦੀ ਲਾਸ 6 ਅਪ੍ਰੈਲ ਨੂੰ ਮਿਲੀ ਸੀ। ਫੋਰੈਂਸਿਕ ਜਾਂਚ 'ਚ ਬੱਚੀ ਨਾਲ ਬਲਾਤਕਾਰ, ਗਲਾ ਦਬਾ ਕੇ ਕਤਲ ਅਤੇ ਸਰੀਰ 'ਤੇ ਸੱਟਾਂ ਦੇ 80 ਨਿਸ਼ਾਨ ਹੋਣ ਦੀ ਗੱਲ ਸਾਹਮਣੇ ਆਈ ਸੀ। ਬੱਚੀ ਦੀ ਲਾਸ਼ ਜਿਸ ਸਥਿਤੀ 'ਚ ਪਾਈ ਗਈ ਸੀ, ਉਸ ਤੋਂ ਉਸ ਨਾਲ ਕੀਤੀ ਗਈ ਬੇਰਹਿਮੀ ਦਾ ਪਤਾ ਲੱਗਦਾ ਹੈ। ਉਸ ਦੇ ਦੰਦਾਂ 'ਤੇ ਖੂਨ ਦੇ ਨਾਲ-ਨਾਲ ਗਲ੍ਹ 'ਤੇ ਅੱਥਰੂ ਨਾਲ ਸੁੱਕ ਗਏ ਸਨ।

ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ, ਪੁਲਸ ਟੀਮਾਂ ਜੁਟੀਆਂ
ਮਾਮਲੇ ਦੀ ਜਾਂਚ ਸੂਰਤ ਕ੍ਰਾਈਮ ਬਰਾਂਚ ਨੂੰ ਸੌਂਪੀ ਜਾ ਚੁਕੀ ਹੈ। ਗੁਜਰਾਤ ਪੁਲਸ ਨੇ ਸੂਰਤ 'ਚ ਲਗਭਗ 1200 ਅਤੇ ਉੱਤਰੀ ਗੁਜਰਾਤ 'ਚ 1000 ਪੋਸਟਰ ਅਤੇ ਬੈਨਰ ਲਗਵਾਏ ਹਨ। ਗੁਜਰਾਤ ਪੁਲਸ ਦੀਆਂ ਲਗਭਗ 20 ਟੀਮਾਂ ਕੇਸ ਦੀ ਜਾਂਚ 'ਚ ਜੁਟ ਚੁਕੀਆਂ ਹਨ। ਸੂਰਤ ਦੇ ਪੁਲਸ ਕਮਿਸ਼ਨਰ ਸਤੀਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਜਿਸ ਜਗ੍ਹਾ ਬੱਚੀ ਦੀ ਲਾਸ਼ ਪਾਈ ਗਈ ਸੀ, ਉੱਥੇ 4 ਕਿਲੋਮੀਟਰ ਦੇ ਦਾਇਰ 'ਚ ਇਕ-ਇਕ ਦਰਵਾਜ਼ੇ 'ਤੇ ਜਾ ਕੇ ਪੁੱਛ-ਗਿੱਛ ਕਰ ਰਹੀਆਂ ਹਨ। ਨੇੜੇ-ਤੇੜੇ ਦੇ ਇਲਾਕਿਆਂ ਦੇ ਸੀ.ਸੀ.ਟੀ.ਵੀ. ਫੁਟੇਜ ਦੇਖੇ ਜਾ ਰਹੇ ਹਨ। ਸ਼ਰਮਾ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਹੋ ਸਕਦਾ ਹੈ ਵਾਰਦਾਤ ਨੂੰ ਅੰਜਾਮ ਕਿਤੇ ਹੋਰ ਦਿੱਤਾ ਗਿਆ ਹੋਵੇ ਅਤੇ ਲਾਸ਼ ਉਸ ਜਗ੍ਹਾ ਸੁੱਟ ਦਿੱਤਾ ਗਿਆ ਹੋਵੇ। ਉਨ੍ਹਾਂ ਨੇ ਦੱਸਿਆ ਕਿ ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਲਾਪਤਾ ਹੋਈਆਂ ਲਗਭਗ 8 ਹਜ਼ਾਰ ਲੜਕੀਆਂ ਦਾ ਡਾਟਾ ਖੋਜਿਆ ਜਾ ਚੁਕਿਆ ਹੈ ਪਰ ਇਸ ਬੱਚੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਬੱਚੀ ਦੀਆਂ ਤਸਵੀਰਾਂ ਓਡੀਸ਼ਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ ਅਤੇ ਦੂਜੇ ਰਾਜਾਂ ਨੂੰ ਭੇਜ ਦਿੱਤੀਆਂ ਗਈਆਂ ਹਨ।
ਆਮ ਲੋਕਾਂ ਨੇ ਵੀ ਰੱਖੇ ਇਨਾਮ
ਬੱਚੀ ਨਾਲ ਹੋਈ ਦਰਿੰਦਗੀ ਦਾ ਪਤਾ ਲੱਗਣ 'ਤੇ ਲੋਕਲ ਡਿਵੈਲਪਰ ਤੂਸ਼ਾਰ ਘੇਲਾਨੀ ਨੇ ਬੱਚੀ ਜਾਂ ਦੋਸ਼ੀਆਂ ਬਾਰੇ ਜਾਣਕਾਰੀ ਦੇਣ 'ਤੇ ਪੁਲਸ ਤੋਂ ਵੀ ਵਧ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਉਨ੍ਹਾਂ ਨੇ ਇਕ ਅਖਬਾਰ ਨਾਲ ਗੱਲ ਕਰਦੇ ਹੋਏ ਕਿਹਾ,''ਸੂਰਤ ਦੀ ਘਟਨਾ ਸ਼ਰਮਨਾਕ ਹੈ। ਰੈਲੀ ਅਤੇ ਪ੍ਰਦਰਸ਼ਨ ਕਰਨਾ ਇਕ ਗੱਲ ਹੈ ਪਰ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿਵਾਉਣ ਦਾ ਕੀ? ਇਸ ਅਪਰਾਧ ਦੇ ਦੋਸ਼ੀਆਂ ਨੂੰ ਫੜਨਾ ਜ਼ਰੂਰੀ ਹੈ ਅਤੇ ਮੈਂ ਜੋ ਕੈਸ਼ ਪ੍ਰਾਈਜ਼ ਰੱਖਿਆ ਹੈ, ਉਸ ਨਾਲ ਉਨ੍ਹਾਂ ਨੂੰ ਫੜਨ 'ਚ ਮਦਦ ਮਿਲੇਗੀ।'' ਉਨ੍ਹਾਂ ਨੇ ਕਿਹਾ ਕਿ ਕਈ ਵਾਰ ਲੋਕ ਜਾਣਕਾਰੀ ਦੇਣ ਲਈ ਅੱਗੇ ਨਹੀਂ ਆਉਂਦੇ। ਉਹ ਉਮੀਦ ਕਰਦੇ ਹਨ ਕਿ ਕੈਸ਼ ਲਈ ਉਹ ਜਾਣਕਾਰੀ ਦੇਣਗੇ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਤੋਂ ਡਰਨਾ ਨਹੀਂ ਹੋਵੇਗਾ। ਉੱਥੇ ਹੀ ਸੂਰਤ ਡਾਇਮੰਡ ਐਸੋਸੀਏਸ਼ਨ ਦੇ ਮੈਂਬਰ ਉੱਚ ਪੁਲਸ ਅਧਿਕਾਰੀਆਂ ਨੂੰ ਮਿਲੇ ਹਨ ਅਤੇ ਉਹ ਵੱਡੇ ਇਨਾਮ ਦਾ ਐਲਾਨ ਕਰ ਸਕਦੇ ਹਨ।

ਗੁੱਸਾਏ ਲੋਕ ਕਰ ਰਹੇ ਪ੍ਰਦਰਸ਼ਨ
ਓਨਾਵ ਅਤੇ ਕਠੁਆ ਦੀਆਂ ਘਟਨਾਵਾਂ ਤੋਂ ਗੁੱਸਾਏ ਲੋਕ ਸੂਰਤ ਦੀ ਘਟਨਾ ਸਾਹਮਣੇ ਆਉਣ 'ਤੇ ਸੜਕਾਂ 'ਤੇ ਉਤਰ ਚੁਕੇ ਹਨ। ਸ਼ਹਿਰ 'ਚ ਥਾਂ-ਥਾਂ ਕੈਂਡਲ ਮਾਰਚ ਅਤੇ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ 'ਚੋਂ ਡਾਕਟਰ, ਚਾਰਟਡ ਅਕਾਊਂਟੈਂਟ, ਬੈਂਕਰ, ਸਟੂਡੈਂਟ ਹਰ ਵਰਗ ਸ਼ਾਮਲ ਹੋਇਆ। ਲੋਕਾਂ ਨੇ ਦੇਸ਼ ਭਰ 'ਚ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧਾਂ ਅਤੇ ਪੁਲਸ ਅਤੇ ਸਰਕਾਰਾਂ ਦੀ ਅਯੋਗਤਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਬਾਰੇ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਾਡੇਜਾ ਨੇ ਕੇਂਦਰ ਤੋਂ ਮਦਦ ਮੰਗੀ ਹੈ। ਉੱਥੇ ਹੀ ਘਿਨਾਉਣੇ ਕੰਮ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਲੇਖਿਕਾ ਅਨੂਪਾ ਮੇਹਤਾ ਨੇ ਕਿਹਾ ਹੈ ਕਿ ਓਨਾਵ, ਕਠੁਆ ਤੋਂ ਬਾਅਦ ਸੂਰਤ 'ਚ ਰੇਪ ਦੀ ਇਸ ਘਟਨਾ ਨਾਲ ਸਾਬਤ ਹੁੰਦਾ ਹੈ ਕਿ ਭਾਰਤੀ ਸਮਾਜ ਪੂਰੀ ਤਰ੍ਹਾਂ ਨਾਲ ਵਿਗੜ ਚੁਕਿਆ ਹੈ। ਮਨੁੱਖੀ ਮੁੱਲਾਂ ਦੀ ਕੋਈ ਜਗ੍ਹਾ ਨਹੀਂ ਬਚੀ ਹੈ, ਆਦਰਸ਼ਾਂ ਅਤੇ ਉਮੀਦਾਂ ਦੀ ਤਾਂ ਗੱਲ ਹੀ ਛੱਡ ਦਿਓ।
ਉੱਥੇ ਹੀ ਮਸ਼ਹੂਰ ਬਿਜ਼ਨਸਮੈਨ ਆਨੰਦ ਮਹਿੰਦਰਾ ਨੇ ਵੀ ਬੇਹੱਦ ਗੁੱਸੇ 'ਚ ਟਵੀਟ ਕੀਤਾ ਹੈ- ਜੱਲਾਦ ਦਾ ਕੰਮ ਕੋਈ ਅਜਿਹਾ ਨਹੀਂ ਹੁੰਦਾ ਕਿ ਕੋਈ ਕਰਨਾ ਚਾਹੇ ਪਰ ਬੱਚੀਆਂ ਨਾਲ ਬੇਰਹਿਮੀ ਨਾਲ ਰੇਪ ਅਤੇ ਕਤਲ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਮੈਂ ਬਿਨਾਂ ਝਿਜਕ ਇਹ ਕੰਮ ਕਰਾਂਗਾ। ਮੈਂ ਸ਼ਾਂਤ ਰਹਿਣ ਲਈ ਬਹੁਤ ਮਿਹਨਤ ਕਰਦਾ ਹਾਂ ਪਰ ਜਦੋਂ ਦੇਸ਼ 'ਚ ਅਜਿਹਾ ਹੁੰਦਾ ਹੈ ਤਾਂ ਮੇਰਾ ਖੂਨ ਖੌਲਦਾ ਹੈ।''PunjabKesari
ਰਾਜ ਸਰਕਾਰ 'ਤੇ ਹਮਲਾ
ਉੱਥੇ ਹੀ ਗੁਜਰਾਤ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪਰੇਸ਼ ਧਨਾਨੀ ਨੇ ਰਾਜ 'ਚ ਵਧਦੀਆਂ ਰੇਪ ਦੀਆਂ ਘਟਨਾਵਾਂ ਅਤੇ ਘਟਦੇ ਲਿੰਗ ਅਨੁਪਾਤ ਨੂੰ ਲੈ ਕੇ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ,''2011 'ਚ ਲਿੰਗ ਅਨੁਪਾਤ 1000 ਪੁਰਸ਼ਾਂ 'ਤੇ 919 ਔਰਤਾਂ ਦਾ ਸੀ, ਜਦੋਂ ਕਿ 2017 'ਚ ਘਟ ਕੇ 1000 ਪੁਰਸ਼ਾਂ 'ਤੇ 854 ਔਰਤਾਂ ਤੱਕ ਆ ਗਿਆ ਹੈ। ਅਜਿਹਾ ਲੱਗਦਾ ਹੈ ਕਿ ਬੇਟੀਆਂ ਨੂੰ ਮਾਂ ਦੇ ਪੇਟ ਤੋਂ ਬਾਹਰ ਆਉਣ 'ਚ ਹੀ ਡਰ ਲੱਗਦਾ ਹੈ।'' ਉੱਥੇ ਹੀ ਜਾਟ ਅੰਦੋਲਨ ਤੋਂ ਗੁਜਰਾਤ ਦੀ ਸਿਆਸਤ 'ਤੇ ਪੁੱਜੇ ਹਾਰਦਿਕ ਪਟੇਲ ਨੇ ਗੁਜਰਾਤ 'ਚ ਵਿਗੜਦੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਹਾ,''ਇਹ ਹੈ ਸੱਚਾ ਗੁਜਰਾਤ ਮਾਡਲ। ਪੁਲਸ ਅਤੇ ਸਰਕਾਰ ਲਾਚਾਰ ਹੋ ਚੁਕੀ ਹੈ ਅਤੇ ਹੁਣ ਜਨਤਾ ਨੂੰ ਨਿਆਂ ਲਈ ਬਾਹਰ ਆਉਣਾ ਹੋਵੇਗਾ।''


Related News