ਨਨ ਰੇਪ ਕੇਸ : ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਦੋਸ਼ ਮੁਕਤ ਕਰਨ ਦੀ ਪਟੀਸ਼ਨ ਖਾਰਜ

Wednesday, Aug 05, 2020 - 04:01 PM (IST)

ਨਨ ਰੇਪ ਕੇਸ : ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਦੋਸ਼ ਮੁਕਤ ਕਰਨ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇਕ ਨਨ ਨਾਲ ਬਲਾਤਕਾਰ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਦੋਸ਼ ਮੁਕਤ ਕਰਨ ਦੀ ਪਟੀਸ਼ਨ ਬੁੱਧਵਾਰ ਨੂੰ ਖਾਰਜ ਕਰਦੇ ਹੋਏ ਇਸ ਮੁਕੱਦਮੇ ਦਾ ਸਾਹਮਣਾ ਕਰਨ ਦਾ ਨਿਰਦੇਸ਼ ਦਿੱਤਾ। ਇਸ ਬਿਸ਼ਪ 'ਤੇ ਨਨ ਨੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਚੀਫ ਜਸਟਿਸ ਐੱਸ.ਏ. ਬੋਬੜੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਵੀ. ਰਾਮਾਸੁਬਰਾਮਣੀਅਮ ਦੀ ਬੈਂਚ ਨੇ ਬਿਸ਼ਪ ਦੇ ਵਕੀਲ ਨੂੰ ਕਿਹਾ ਕਿ ਕੋਰਟ ਇਸ ਮਾਮਲੇ ਦੇ ਗੁਣ-ਦੋਸ਼ 'ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਹੈ ਪਰ ਦੋਸ਼ ਮੁਕਤ ਕਰਨ ਦੇ ਮੁੱਦੇ 'ਤੇ ਹੀ ਪਟੀਸ਼ਨ ਖਾਰਜ ਕੀਤੀ ਜਾ ਰਹੀ ਹੈ। ਮੁਲੱਕਲ ਨੇ ਇਸ ਪਟੀਸ਼ਨ 'ਚ ਕੇਰਲ ਹਾਈ ਕੋਰਟ ਦੇ 7 ਜੁਲਾਈ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਬਲਾਤਕਾਰ ਦੇ ਇਸ ਮਾਮਲੇ 'ਚ ਦੋਸ਼ ਮੁਕਤ ਕਰਨ ਦੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ।

ਹਾਈ ਕੋਰਟ ਨੇ ਬਿਸ਼ਪ ਨੂੰ ਬਲਾਤਕਾਰ ਦੇ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਿਹਾ ਸੀ। ਬਿਸ਼ਪ ਵਿਰੁੱਧ ਕੇਰਲ 'ਚ ਡਾਇਓਸਿਸ ਦੀ ਨਨ ਨੇ ਜੂਨ 2018 'ਚ ਸ਼ਿਕਾਇਤ ਕੀਤੀ ਸੀ। ਇਸ 'ਚ ਦੋਸ਼ ਲਗਾਇਆ ਗਿਆ ਸੀ ਕਿ ਬਿਸ਼ਪ ਨੇ 2014 ਤੋਂ 2016 ਦੌਰਾਨ ਉਸ ਦਾ ਯੌਨ ਸ਼ੋਸ਼ਣ ਕੀਤਾ। ਨਨ ਦੀ ਇਸੇ ਸ਼ਿਕਾਇਤ ਦੇ ਆਧਾਰ 'ਤੇ ਬਿਸ਼ਪ ਵਿਰੁੱਧ ਕੱਟਾਯਮ ਜ਼ਿਲ੍ਹੇ 'ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ ਨੇ ਬਿਸ਼ਪ ਨੂੰ ਗ੍ਰਿਫਤਾਰ ਵੀ ਕੀਤਾ ਸੀ। ਬਿਸ਼ਪ 'ਤੇ ਨਨ ਨੂੰ ਰੋਕਣ, ਬਲਾਤਕਾਰ ਕਰਨ, ਗੈਰ-ਕੁਦਰਤੀ ਸ਼ੋਸ਼ਣ ਕਰਨ ਅਤੇ ਧਮਕਾਉਣ ਦੇ ਦੋਸ਼ ਲਗਾਏ ਗਏ ਸਨ। ਹਾਈ ਕੋਰਟ ਨੇ ਬਿਸ਼ਪ ਦੀ ਪਟੀਸ਼ਨ ਖਾਰਜ ਕਰਦੇ ਹੋਏ ਇਸਤਗਾਸਾ ਪੱਖ ਦੇ ਇਸ ਤਰਕ ਨੂੰ ਸਵੀਕਾਰ ਕੀਤਾ ਸੀ ਕਿ ਮੁਲੱਕਲ ਵਿਰੁੱਧ ਪਹਿਲੀ ਨਜ਼ਰ 'ਚ ਬਲਾਤਕਾਰ ਦਾ ਮਾਮਲਾ ਬਣਦਾ ਹੈ।


author

DIsha

Content Editor

Related News