SC ਨੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਮੰਨਿਆ ਮਾਣਹਾਨੀ ਦਾ ਦੋਸ਼ੀ, 20 ਅਗਸਤ ਨੂੰ ਹੋਵੇਗੀ ਸਜ਼ਾ ''ਤੇ ਸੁਣਵਾਈ

8/14/2020 12:42:16 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਅਤੇ ਚਾਰ ਸਾਬਕਾ ਮੁੱਖ ਜੱਜਾਂ ਵਿਰੁੱਧ ਅਪਮਾਨਜਨਕ ਟਿੱਪਣੀ ਮਾਮਲੇ 'ਚ ਮਸ਼ਹੂਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸ਼ੁੱਕਰਵਾਰ ਨੂੰ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ। ਜੱਜ ਅਰੁਣ ਮਿਸ਼ਰਾ, ਜੱਜ ਬੀ.ਆਰ. ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਆਪਣਾ ਆਦੇਸ਼ ਸੁਣਾਉਂਦੇ ਹੋਏ ਕਿਹਾ ਕਿ ਸ਼੍ਰੀ ਭੂਸ਼ਣ ਨੂੰ ਕੋਰਟ ਦੀ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਬੈਂਚ ਵਲੋਂ ਜੱਜ ਗਵਈ ਨੇ ਆਦੇਸ਼ ਸੁਣਾਉਂਦੇ ਹੋਏ ਕਿਹਾ,''ਸ਼੍ਰੀ ਭੂਸ਼ਣ ਕੋਰਟ ਦੀ ਮਾਣਹਾਨੀ ਦੇ ਗੰਭੀਰ ਦੋਸ਼ੀ ਪਾਏ ਗਏ ਹਨ। ਕੋਰਟ 20 ਅਗਸਤ ਨੂੰ ਉਨ੍ਹਾਂ ਦੀ ਸਜ਼ਾ 'ਤੇ ਸੁਣਵਾਈ ਕਰੇਗਾ।'' ਬੈਂਚ ਨੇ 5 ਅਗਸਤ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਕੋਰਟ ਨੇ ਟਵਿੱਟਰ 'ਤੇ ਸ਼੍ਰੀ ਭੂਸ਼ਣ ਦੀਆਂ 2 ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ 9 ਜੁਲਾਈ ਨੂੰ ਕੋਰਟ ਦੀ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਸੀ ਅਤੇ 22 ਜੁਲਾਈ ਨੂੰ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਟਵਿੱਟਰ ਨੇ ਇਸ ਮਾਮਲੇ ਤੋਂ ਪੱਲਾ ਝਾੜਦੇ ਹੋਏ ਸ਼੍ਰੀ ਭੂਸ਼ਣ ਦੇ ਅਪਮਾਨਜਨਕ ਟਵੀਟ ਹਟਾ ਦਿੱਤੇ ਸਨ ਅਤੇ ਕੋਰਟ ਤੋਂ ਮੁਆਫ਼ੀ ਮੰਗ ਲਈ ਸੀ। ਸ਼੍ਰੀ ਭੂਸ਼ਣ ਕੋਵਿਡ-19 ਮਹਾਮਾਰੀ 'ਚ ਪ੍ਰਵਾਸੀ ਮਜ਼ਦੂਰਾਂ ਦੀ ਮੰਦੀ ਹਾਲਤ ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਦੇ ਫੈਸਲਿਆਂ ਵਿਰੁੱਧ ਕਾਫ਼ੀ ਮੋਹਰੀ ਰਹੇ ਅਤੇ ਉਨ੍ਹਾਂ ਦੀ ਤਿੱਖੀ ਆਲੋਚਨਾ ਕਰਦੇ ਰਹੇ। ਇਹ ਮਾਮਲਾ 27 ਜੂਨ ਦੇ ਉਸ ਟਵੀਟ ਨਾਲ ਜੁੜਿਆ ਹੈ, ਜਿਸ 'ਚ ਸ਼੍ਰੀ ਭੂਸ਼ਣ ਨੇ ਲਿਖਿਆ ਸੀ,''ਜਦੋਂ ਭਵਿੱਖ 'ਚ ਇਤਿਹਾਸਕਾਰ ਇਹ ਦੇਖਣ ਲਈ ਪਿਛਲੇ 6 ਸਾਲਾਂ 'ਤੇ ਨਜ਼ਰ ਪਾਉਣਗੇ ਕਿ ਕਿਵੇਂ ਐਮਰਜੈਂਸੀ ਦਾ ਐਲਾਨ ਕੀਤੇ ਬਿਨਾਂ ਭਾਰਤ 'ਚ ਲੋਕਤੰਤਰ ਨੂੰ ਕੁਚਲ ਦਿੱਤਾ ਗਿਆ ਤਾਂ ਉਹ ਇਸ ਬਰਬਾਦੀ 'ਚ ਸੁਪਰੀਮ ਕੋਰਟ ਦੀ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਕਰਨਗੇ ਅਤੇ ਖਾਸ ਕਰ ਕੇ ਪਿਛਲੇ 4 ਮੁੱਖ ਜੱਜਾਂ ਦੀ ਭੂਮਿਕਾ ਦਾ।''


DIsha

Content Editor DIsha