ASI ਨੇ ਇਤਿਹਾਸਕ ਸਥਾਨਾਂ ਦੀ ਰਿਪੋਰਟ ਦੇਣ ''ਚ ਕੀਤੀ ਦੇਰੀ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
Saturday, Mar 28, 2026 - 04:49 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਦੇ ਜਾਣਬੁੱਝ ਕੇ ਉਲੰਘਣਾ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਰਾਸ਼ਟਰੀ ਰਾਜਧਾਨੀ 'ਚ ਸੂਚਿਤ 173 ਵਿਰਾਸਤ ਸਥਾਨਾਂ ਦੀ ਸੰਭਾਲ ਸਥਿਤੀ 'ਤੇ ਜਵਾਬ ਪੇਸ਼ ਕਰਨ 'ਚ ਅਸਫ਼ਲ ਰਹਿਣ ਲਈ ਭਾਰਤੀ ਪੁਰਾਤੱਤਵ ਸਰਵੇਖਣ (ASI) ਦੇ ਡਾਇਰੈਕਟਰ ਜਨਰਲ ਨੂੰ ਮਾਣਹਾਨੀ ਨੋਟਿਸ ਜਾਰੀ ਕੀਤਾ ਹੈ। ਜੱਜ ਅਹਸਾਨੁਦੀਨ ਅਮਾਨੁੱਲਾਹ ਅਤੇ ਜੱਜ ਐੱਨ. ਕੋਟਿਸ਼ਵਰ ਸਿੰਘ ਦੀ ਬੈਂਚ ਨੇ ਏ.ਐੱਸਆਈ. ਦੇ ਡਾਇਰੈਕਟਰ ਜਨਰਲ ਨੂੰ ਅਗਲੀ ਸੁਣਵਾਈ ਦੀ ਤਰੀਕ 'ਤੇ ਨਿੱਜੀ ਤੌਰ 'ਤੇ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਕਿਹਾ,''ਅਦਾਲਤ ਇਸ ਆਦੇਸ਼ ਦੇ ਜਾਣਬੁੱਝ ਕੇ ਉਲੰਘਣਾ 'ਤੇ ਸਖ਼ਤ ਇਤਰਾਜ਼ ਜਤਾਉਂਦੀ ਹੈ। ਇਸ ਲਈ ਭਾਰਤੀ ਪੁਰਾਤੱਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਉਹ ਕਾਰਨ ਦੱਸਣ ਕਿ ਅਦਾਲਤ ਉਨ੍ਹਾਂ ਦੇ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕਰੇ। ਉਨ੍ਹਾਂ ਨੂੰ ਅਗਲੀ ਸੁਣਵਾਈ ਦੀ ਤਰੀਕ 'ਤੇ ਕਾਰਨ ਦੱਸੋ ਨੋਟਿਸ ਨਾਲ ਨਿੱਜੀ ਤੌਰ 'ਤੇ ਅਦਾਲਤ ਦੇ ਸਾਹਮਣੇ ਹਾਜ਼ਰ ਹੋਣਾ ਹੋਵੇਗਾ।''
ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਪੁਰਾਤੱਤਵ ਵਿਭਾਗ ਨੇ 19 ਸਮਾਰਕਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਨਿਰੀਖਣ ਕੀਤਾ ਹੈ ਅਤੇ 'ਲੋਕੇਸ਼ਨ' ਤੇ 'ਜੀਓ-ਮੈਪਿੰਗ' ਦੇ ਜ਼ਿਆਦਾਤਰ ਬਿੰਦੂਆਂ/ਖੇਤਰਾਂ ਦੇ ਸੰਬੰਧ 'ਚ ਪਾਲਣਾ ਕੀਤੀ ਗਈ ਹੈ। ਬੈਂਚ ਨੇ ਕਿਹਾ,''ਹਾਲਾਂਕਿ, ਪਹਿਲਾਂ ਦੇ ਆਦੇਸ਼ਾਂ 'ਚ ਦੱਸੇ ਗਏ ਮੁੱਦਿਆਂ 'ਤੇ ਪਾਲਣਾ ਬਾਰੇ ਸਿਰਫ਼ ਇਕ ਆਮ ਬਿਆਨ ਦਿੱਤਾ ਗਿਆ ਹੈ। ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਇਕ ਹੋਰ ਹਲਫਨਾਮਾ ਦਾਖਲ ਕੀਤਾ ਜਾਵੇ, ਜਿਸ 'ਚ ਉਨ੍ਹਾਂ 19 ਸਥਾਨਾਂ ਦਾ ਵੇਰਵਾ ਦਿੱਤਾ ਜਾਵੇ, ਜੋ ਪੁਰਾਤੱਤਵ ਵਿਭਾਗ, ਦਿੱਲੀ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦੇ ਹਨ ਅਤੇ ਜਿਨ੍ਹਾਂ ਦਾ ਨਿਰੀਖਣ ਵੀ ਕੀਤਾ ਜਾ ਚੁੱਕਿਆ ਹੈ।'' ਅਦਾਲਤ ਨੇ ਕਿਹਾ,''ਇਸ 'ਚ ਸਾਡੇ ਪਿਛਲੇ ਆਦੇਸ਼ਾਂ 'ਚ ਦੱਸੇ ਗਏ ਸਾਰੇ ਖੇਤਰਾਂ ਦਾ ਅਤੇ ਨਾਲ ਹੀ ਸਮਾਰਕ ਦੇ ਸੰਬੰਧ 'ਚ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ। ਇਸ 'ਚ ਸੰਬੰਧਤ ਸਥਾਨਾਂ ਦੀਆਂ ਅਪਡੇਟ ਤਸਵੀਰਾਂ ਵੀ ਸ਼ਾਮਲ ਹੋਣੀ ਚਾਹੀਦੀਆਂ ਹਨ।'' ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਚਿੰਨ੍ਹਿਤ 85 ਸਮਾਰਕਾਂ 'ਚੋਂ ਸਿਰਫ਼ 62 ਸਮਾਰਕਾਂ ਦਾ ਸਰਵੇਖਣ ਕੀਤਾ ਅਤੇ ਕੁਝ ਪਹਿਲੂਆਂ 'ਤੇ ਇਹ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ। ਵਿਰਾਸਤ ਸਥਾਨਾਂ ਦਾ ਮੁੱਦਾ ਰਾਜੀਵ ਸੂਰੀ ਵਲੋਂ ਦਾਇਰ ਇਕ ਮਾਮਲੇ 'ਚ ਚੁੱਕਿਆ, ਜਿਸ 'ਚ ਉਨ੍ਹਾਂ ਨੇ ਦਿੱਲੀ ਦੇ ਡਿਫੈਂਸ ਕਾਲੋਨੀ 'ਚ ਸਥਿਤ ਲੋਧੀ ਕਾਲ ਦੇ ਸਮਾਰਕ ਸ਼ੇਖ ਅਲੀ ਦੀ ਗੁਮਟੀ 'ਤੇ ਕਬਜ਼ੇ ਦਾ ਮੁੱਦਾ ਚੁੱਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
