ਆਸਾਰਾਮ ਦੇ ਆਸ਼ਰਮ ਨੂੰ ਰਾਹਤ; ਸੁਪਰੀਮ ਕੋਰਟ ਨੇ ਬੁਲਡੋਜ਼ਰ ਕਾਰਵਾਈ ’ਤੇ ਲਾਈ ਰੋਕ
Tuesday, Apr 28, 2026 - 04:30 AM (IST)
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅਹਿਮਦਾਬਾਦ ’ਚ ਆਸਾਰਾਮ ਦੇ ਆਸ਼ਰਮ ਨੂੰ ਵੱਡੀ ਰਾਹਤ ਦਿੱਤੀ ਹੈ। ਚੋਟੀ ਦੀ ਅਦਾਲਤ ਨੇ ਆਸ਼ਰਮ ਦੀ ਜ਼ਮੀਨ ’ਤੇ 4 ਮਈ ਤੱਕ ਸਥਿਤੀ ਜਿਓਂ ਦੀ ਤਿਓਂ ਬਣਾਈ ਰੱਖਣ ਦਾ ਹੁਕਮ ਦਿੱਤਾ ਹੈ। ਗੁਜਰਾਤ ਸਰਕਾਰ ਇਸ 45 ਹਜ਼ਾਰ ਵਰਗ ਮੀਟਰ ਜ਼ਮੀਨ ਨੂੰ 2030 ਕਾਮਨਵੈਲਥ ਗੇਮਜ਼ ਦੇ ਸਪੋਰਟਸ ਇਨਫ੍ਰਾਸਟਰੱਕਚਰ ਲਈ ਵਾਪਸ ਲੈਣਾ ਚਾਹੁੰਦੀ ਹੈ। ਆਸ਼ਰਮ ਟਰੱਸਟ ਨੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ’ਚ ਕਬਜ਼ਾ ਅਤੇ ਪੱਟੇ ਦੀ ਉਲੰਘਣਾ ਦੇ ਆਧਾਰ ’ਤੇ ਜ਼ਮੀਨ ਖਾਲੀ ਕਰਨ ਨੂੰ ਕਿਹਾ ਗਿਆ ਸੀ। ਚੋਟੀ ਦੀ ਅਦਾਲਤ ਨੇ ਪਾਇਆ ਕਿ ਪਹਿਲੀ ਨਜ਼ਰੇ ਟਰੱਸਟ ਨੂੰ ਉਚਿਤ ਨੋਟਿਸ ਨਹੀਂ ਦਿੱਤੇ ਗਏ ਸਨ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਗੁਜਰਾਤ ਸਰਕਾਰ ਨੂੰ ਵਿਵਾਦਤ ਜ਼ਮੀਨ ਨਾਲ ਜੁੜੇ ਸਾਰੇ ਜ਼ਰੂਰੀ ਦਸਤਾਵੇਜ਼ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ। ਬੈਂਚ ਨੇ ਸਰਕਾਰ ਨੂੰ 3 ਦਿਨਾਂ ਦੇ ਅੰਦਰ ਸਾਰੇ ਜ਼ਰੂਰੀ ਦਸਤਾਵੇਜ਼ ਦਾਖਲ ਕਰਨ ਲਈ ਕਿਹਾ। ਨਾਲ ਹੀ ਟਰੱਸਟ ਨੂੰ ਵੀ 3 ਦਿਨਾਂ ਦਾ ਹੋਰ ਸਮਾਂ ਦਿੱਤਾ। ਅਦਾਲਤ ਨੇ ਹੁਕਮ ਦਿੱਤਾ ਕਿ ਵਿਵਾਦਤ ਜ਼ਮੀਨ ’ਤੇ ਅਗਲੀ ਸੁਣਵਾਈ ਤੱਕ ਸਥਿਤੀ ਜਿਓਂ ਦੀ ਤਿਓਂ ਬਣਾਈ ਰੱਖੀ ਜਾਵੇ।
