ਚੂਹੇ ਖਾ ਗਏ ਰਿਸ਼ਵਤ ਦਾ ਪੈਸਾ ! ਮਾਮਲਾ ਸੁਣ ਸੁਪਰੀਮ ਕੋਰਟ ਵੀ ਰਹਿ ਗਿਆ ਹੈਰਾਨ
Monday, Apr 27, 2026 - 02:22 PM (IST)
ਨਵੀਂ ਦਿੱਲੀ- ਬਿਹਾਰ 'ਚ ਭ੍ਰਿਸ਼ਟਾਚਾਰ ਨਾਲ ਜੁੜਿਆ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਨਿਆਂਪਾਲਿਕਾ ਨੂੰ ਵੀ ਹੈਰਾਨ ਕਰ ਦਿੱਤਾ ਹੈ। ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਇਕ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜ਼ਬਤ ਕੀਤੀ ਗਈ ਰਿਸ਼ਵਤ ਦੀ ਰਕਮ ਨੂੰ ਚੂਹਿਆਂ ਨੇ ਕੁਤਰ ਕੇ ਬਰਬਾਦ ਕਰ ਦਿੱਤਾ। ਅਦਾਲਤ ਨੇ ਇਸ ਘਟਨਾ ਨੂੰ ਬੇਹੱਦ ਗੰਭੀਰ ਦੱਸਦਿਆਂ ਇਸ ਨੂੰ ਸਰਕਾਰੀ ਵਿਵਸਥਾ ਦੀ ਪੋਲ ਖੋਲ੍ਹਣ ਵਾਲੀ ਘਟਨਾ ਕਰਾਰ ਦਿੱਤਾ ਹੈ।
ਇਹ ਮਾਮਲਾ ਸਾਲ 2014 ਦਾ ਹੈ, ਜਦੋਂ ਬਿਹਾਰ 'ਚ ਤਾਇਨਾਤ ਇਕ ਬਾਲ ਵਿਕਾਸ ਪ੍ਰਾਜੈਕਟ ਅਫਸਰ (CDPO) ਅਰੁਣਾ ਕੁਮਾਰੀ 'ਤੇ 10,000 ਰੁਪਏ ਰਿਸ਼ਵਤ ਲੈਣ ਦਾ ਦੋਸ਼ ਲੱਗਾ ਸੀ। ਪੁਲਸ ਨੇ ਕਾਰਵਾਈ ਕਰਦਿਆਂ ਰਿਸ਼ਵਤ ਦੀ ਰਕਮ ਜ਼ਬਤ ਕੀਤੀ ਸੀ। ਹਾਲਾਂਕਿ, ਜਦੋਂ ਮਾਮਲਾ ਅਦਾਲਤ 'ਚ ਪਹੁੰਚਿਆ ਤਾਂ ਪਤਾ ਲੱਗਾ ਕਿ 'ਮਾਲਖਾਨੇ' (ਸਬੂਤ ਰੱਖਣ ਵਾਲੀ ਥਾਂ) ਦੀ ਮਾੜੀ ਹਾਲਤ ਕਾਰਨ ਚੂਹਿਆਂ ਨੇ ਉਨ੍ਹਾਂ ਨੋਟਾਂ ਨੂੰ ਬੁਰੀ ਤਰ੍ਹਾਂ ਕੁਤਰ ਦਿੱਤਾ ਹੈ।
ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਇਸ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਅਦਾਲਤ ਨੇ ਕਿਹਾ, ''ਜੇਕਰ ਭ੍ਰਿਸ਼ਟਾਚਾਰ ਦੇ ਸਬੂਤ ਹੀ 'ਚੂਹਿਆਂ ਦਾ ਨਿਵਾਲਾ' ਬਣ ਜਾਣਗੇ, ਤਾਂ ਨਿਆਂ ਦੀ ਉਮੀਦ ਕਿਸ ਤੋਂ ਕੀਤੀ ਜਾਵੇਗੀ? ਇਹ ਸਿਰਫ ਇਕ ਲਾਪਰਵਾਹੀ ਨਹੀਂ, ਸਗੋਂ ਜਨਤਕ ਧਨ ਪ੍ਰਤੀ ਉਦਾਸੀਨਤਾ ਅਤੇ ਪ੍ਰਸ਼ਾਸਨਿਕ ਅਸਫ਼ਲਤਾ ਦਾ ਪ੍ਰਤੀਕ ਹੈ। ਅਜਿਹੀਆਂ ਘਟਨਾਵਾਂ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਂਦੀਆਂ ਹਨ।
ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਫਿਲਹਾਲ ਪਟੀਸ਼ਨਕਰਤਾ ਮਹਿਲਾ ਅਧਿਕਾਰੀ ਅਰੁਣਾ ਕੁਮਾਰੀ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਹੇਠਲੀ ਅਦਾਲਤ ਨੇ ਪਹਿਲਾਂ ਉਸ ਨੂੰ ਬਰੀ ਕਰ ਦਿੱਤਾ ਸੀ, ਪਰ ਹਾਈ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਸਰਕਾਰੀ ਖਜ਼ਾਨੇ ਅਤੇ ਸਬੂਤਾਂ ਦੀ ਸੁਰੱਖਿਆ 'ਚ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
