ਕੇਂਦਰ ਨੂੰ 150 ਰੁਪਏ ਪ੍ਰਤੀ ਖੁਰਾਕ ਕੋਵੈਕਸੀਨ ਦੀ ਸਪਲਾਈ ਨੂੰ ਭਾਰਤ ਬਾਇਓਟੈੱਕ ਨੇ ਦੱਸਿਆ ਗੈਰ ਕਿਫ਼ਾਇਤੀ
Tuesday, Jun 15, 2021 - 03:10 PM (IST)
ਹੈਦਰਾਬਾਦ- ਭਾਰਤ ਬਾਇਓਟੈੱਕ ਨੇ ਮੰਗਲਵਾਰ ਨੂੰ ਕਿਹਾ ਕਿ 150 ਰੁਪਏ ਪ੍ਰਤੀ ਖੁਰਾਕ ਦੇ ਦਰ ਨਾਲ ਕੇਂਦਰ ਸਰਕਾਰ ਨੂੰ ਕੋਰੋਨਾ ਰੋਕੂ ਕੋਵੈਕਸੀਨ ਟੀਕੇ ਦੀ ਸਪਲਾਈ ਲੰਬੇ ਸਮੇਂ ਤੱਕ ਕਿਫ਼ਾਇਤੀ ਨਹੀਂ ਹੈ। ਉਸ ਨੇ ਕਿਹਾ ਕਿ ਕੇਂਦਰ ਦੀ ਸਪਲਾਈ ਫੀਸ ਕਾਰਨ ਵੀ ਨਿੱਜੀ ਖੇਤਰ 'ਚ ਕੀਮਤ ਦੇ ਢਾਂਚੇ 'ਚ ਤਬਦੀਲੀ ਹੋ ਰਹੀ ਹੈ, ਇਸ 'ਚ ਵਾਧਾ ਹੋ ਰਿਹਾ ਹੈ। ਭਾਰਤ 'ਚ ਨਿੱਜੀ ਖੇਤਰ ਲਈ ਉਪਲੱਬਧ ਹੋਰ ਕੋਵਿਡ ਰੋਕੂ ਟੀਕਿਆਂ ਦੀ ਤੁਲਨਾ 'ਚ ਕੋਵੈਕਸੀਨ ਲਈ ਵੱਧ ਦਰ ਨੂੰ ਉੱਚਿਤ ਦੱਸਦੇ ਹੋਏ ਭਾਰਤ ਬਾਇਓਟੈੱਕ ਨੇ ਕਿਹਾ ਕਿ ਘੱਟ ਮਾਤਰਾ 'ਚ ਖਰੀਦ, ਵੰਡ 'ਚ ਆਉਣ ਵਾਲੀ ਜ਼ਿਆਦਾ ਲਾਗਤ ਅਤੇ ਖੁਦਰਾ ਮੁਨਾਫ਼ੇ ਆਦਿ ਇਸ ਦੇ ਕਈ ਸਾਰੇ ਬੁਨਿਆਦੀ ਕਾਰੋਬਾਰੀ ਕਾਰਨ ਹੈ।
ਕੰਪਨੀ ਨੇ ਕਿਹਾ,''ਭਾਰਤ ਸਰਕਾਰ ਨੂੰ ਕੋਵੈਕਸੀਨ ਟੀਕੇ 150 ਰੁਪਏ ਪ੍ਰਤੀ ਖੁਰਾਕ ਦੀ ਸਪਲਾਈ ਕੀਮਤ ਗੈਰ-ਪ੍ਰਤੀਯੋਗੀ ਕੀਮਤ ਹੈ ਅਤੇ ਇਹ ਸਪੱਸ਼ਟ ਰੂਪ ਨਾਲ ਲੰਬੇ ਸਮੇਂ ਤੱਕ ਕਿਫ਼ਾਇਤੀ ਨਹੀਂ ਹੈ।'' ਭਾਰਤ ਬਾਇਓਟੈੱਕ ਨੇ ਇਕ ਬਿਆਨ 'ਚ ਕਿਹਾ ਕਿ ਲਾਗਤ ਕੱਢਣ ਲਈ ਨਿੱਜੀ ਬਜ਼ਾਰ 'ਚ ਵੱਧ ਕੀਮਤ ਰੱਖਣਾ ਜ਼ਰੂਰੀ ਹੈ। ਉਸ ਨੇ ਦੱਸਿਆ ਕਿ ਭਾਰਤ ਬਾਇਓਟੈੱਕ ਟੀਕੇ ਦੇ ਵਿਕਾਸ, ਕਲੀਨਿਕਲ ਟ੍ਰਾਇਲ ਅਤੇ ਕੋਵੈਕਸੀਨ ਲਈ ਨਿਰਮਾਣ ਇਕਾਈ ਸਥਾਪਤ ਕਰਨ ਲਈ ਹੁਣ ਤੱਕ 500 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਚੁਕੀ ਹੈ।