ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ ''ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡਤੋੜ ਜਿੱਤ

Monday, May 04, 2026 - 05:32 PM (IST)

ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ ''ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡਤੋੜ ਜਿੱਤ

ਨੈਸ਼ਨਲ ਡੈਸਕ- ਦੇਸ਼ ਦੇ 5 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਮਹਾਰਾਸ਼ਟਰ ਦੀ ਬਾਰਾਮਤੀ ਸੀਟ ਤੋਂ ਐੱਨ.ਸੀ.ਪੀ. ਉਮੀਦਵਾਰ ਸੁਨੇਤਰਾ ਪਵਾਰ ਨੇ 2 ਲੱਖ 18 ਹਜ਼ਾਰ ਵੋਟਾਂ ਦੇ ਫਰਕ ਨਾਲ ਇੱਕ ਅਜਿਹੀ ਜਿੱਤ ਦਰਜ ਕੀਤੀ ਹੈ, ਜਿਸ ਨੇ ਭਾਰਤੀ ਚੋਣ ਇਤਿਹਾਸ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਇਹ ਅੰਤਰ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵੋਟ ਮਾਰਜਨ ਹੈ।

ਸੁਨੇਤਰਾ ਪਵਾਰ ਨੇ ਆਪਣੀ ਇਸ ਸ਼ਾਨਦਾਰ ਜਿੱਤ ਨਾਲ ਸਾਲ 2022 ਵਿੱਚ ਉੱਤਰ ਪ੍ਰਦੇਸ਼ ਦੀ ਸਾਹਿਬਾਬਾਦ ਸੀਟ ਤੋਂ ਸੁਨੀਲ ਕੁਮਾਰ ਸ਼ਰਮਾ ਦੁਆਰਾ ਬਣਾਇਆ 2,14,835 ਵੋਟਾਂ ਦੇ ਫਰਕ ਦਾ ਰਿਕਾਰਡ ਤੋੜ ਦਿੱਤਾ ਹੈ। ਬਾਰਾਮਤੀ ਦੀ ਇਸ ਜ਼ਿਮਨੀ ਚੋਣ ਵਿੱਚ ਕੁੱਲ 2,23,000 ਵੋਟਾਂ ਪਈਆਂ ਸਨ। ਜ਼ਿਕਰਯੋਗ ਹੈ ਕਿ ਇੱਥੇ ਕੁੱਲ 4,82,000 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 58% ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਕਿ 2024 ਦੀਆਂ ਵਿਧਾਨ ਸਭਾ ਚੋਣਾਂ ਦੇ 72% ਮਤਦਾਨ ਦੇ ਮੁਕਾਬਲੇ ਘੱਟ ਰਿਹਾ।

ਸੁਨੇਤਰਾ ਪਵਾਰ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਹਨ। ਇਹ ਸੀਟ ਅਜੀਤ ਪਵਾਰ ਦੀ ਮੌਤ ਕਾਰਨ ਖਾਲੀ ਹੋਈ ਸੀ, ਜਿਨ੍ਹਾਂ ਦਾ 28 ਜਨਵਰੀ 2026 ਨੂੰ ਇੱਕ ਜਹਾਜ਼ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ। ਬਾਰਾਮਤੀ ਅਜੀਤ ਪਵਾਰ ਦੀ ਰਵਾਇਤੀ ਸੀਟ ਰਹੀ ਹੈ, ਜਿਸ ਕਾਰਨ ਸੁਨੇਤਰਾ ਪਵਾਰ ਦੀ ਜਿੱਤ ਪਹਿਲਾਂ ਹੀ ਤੈਅ ਮੰਨੀ ਜਾ ਰਹੀ ਸੀ।

ਇਸ ਜ਼ਿਮਨੀ ਚੋਣਾਂ ਵਿੱਚ ਸੁਨੇਤਰਾ ਪਵਾਰ ਦੇ ਸਾਹਮਣੇ 22 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਸਨ, ਪਰ ਮੁਕਾਬਲਾ ਇੰਨਾ ਇੱਕਪਾਸੜ ਰਿਹਾ ਕਿ ਕੋਈ ਵੀ ਵਿਰੋਧੀ ਉਮੀਦਵਾਰ 1,000 ਵੋਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਪ੍ਰਮੁੱਖ ਵਿਰੋਧੀਆਂ ਵਿੱਚੋਂ ਕਰੁਣਾ ਮੁੰਡੇ ਨੂੰ ਸਿਰਫ਼ 125 ਵੋਟਾਂ ਅਤੇ ਅਭਿਜੀਤ ਬਿਚੁਕਲੇ ਨੂੰ ਮਹਿਜ਼ 121 ਵੋਟਾਂ ਨਾਲ ਹੀ ਸਬਰ ਕਰਨਾ ਪਿਆ।

ਹੋਰ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਦੀ ਸਥਿਤੀ

ਦੇਸ਼ ਦੇ 5 ਸੂਬਿਆਂ ਦੀਆਂ ਕੁੱਲ 7 ਸੀਟਾਂ 'ਤੇ ਹੋਈਆਂ ਇਨ੍ਹਾਂ ਜ਼ਿਮਨੀ ਚੋਣਾਂ ਵਿੱਚੋਂ ਭਾਜਪਾ ਨੇ ਮਹਾਰਾਸ਼ਟਰ ਦੀ ਰਾਹੁਰੀ ਸੀਟ ਤੋਂ ਇਲਾਵਾ ਗੁਜਰਾਤ, ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ ਵੀ 1-1 ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਕਰਨਾਟਕ ਦੇ ਬਾਗਲਕੋਟ ਵਿੱਚ ਕਾਂਗਰਸ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ, ਜਦਕਿ ਦਾਵਣਗੇਰੇ ਸਾਊਥ ਸੀਟ 'ਤੇ ਵੀ ਕਾਂਗਰਸ ਲਗਾਤਾਰ ਵਾਧਾ ਬਣਾਏ ਹੋਏ ਹੈ। ਇਹ ਸਾਰੀਆਂ ਸੀਟਾਂ ਸਾਬਕਾ ਵਿਧਾਇਕਾਂ ਦੀ ਮੌਤ ਕਾਰਨ ਖਾਲੀ ਹੋਈਆਂ ਸਨ।


author

Rakesh

Content Editor

Related News