ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਾਪਾਨ ਓਪਨ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ

Sunday, Jul 19, 2026 - 12:24 PM (IST)

ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਾਪਾਨ ਓਪਨ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ

ਸਪੋਰਟਸ ਡੈਸਕ- ਸਟਾਰ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਜਾਪਾਨ ਓਪਨ ਸੁਪਰ-750 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਮੇਜ਼ਬਾਨ ਦੇਸ਼ ਦੀ ਅਕਾਨੇ ਯਾਮਾਗੁਚੀ ਨੂੰ 21-17 ਅਤੇ 21-17 ਦੇ ਲਗਾਤਾਰ ਸੈੱਟਾਂ ਵਿੱਚ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਆਪਣੀ ਜਾਪਾਨ ਓਪਨ ਜਿੱਤ ਨਾਲ, ਪੀਵੀ ਸਿੰਧੂ ਨੇ ਇਤਿਹਾਸ ਰਚਿਆ, ਉਹ ਇਹ ਵੱਕਾਰੀ ਟੂਰਨਾਮੈਂਟ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਸਿੰਧੂ ਨੇ ਲਗਭਗ ਦੋ ਸਾਲਾਂ ਬਾਅਦ ਇੱਕ ਵੱਡੇ BWF ਵਰਲਡ ਟੂਰ ਟੂਰਨਾਮੈਂਟ ਦੇ ਫਾਈਨਲ ਵਿੱਚ ਖੇਡਿਆ, ਇਸ ਤੋਂ ਪਹਿਲਾਂ ਉਸ ਨੇ  2024 ਵਿੱਚ ਸਈਦ ਮੋਦੀ ਇੰਟਰਨੈਸ਼ਨਲ ਖਿਤਾਬ ਜਿੱਤਿਆ ਸੀ।

ਪੀਵੀ ਸਿੰਧੂ ਦੀ ਪ੍ਰਭਾਵਸ਼ਾਲੀ ਫਾਰਮ ਜਾਪਾਨ ਓਪਨ 2026 ਵਿੱਚ ਸਪੱਸ਼ਟ ਸੀ, ਜਿੱਥੇ ਉਸਨੇ ਫਾਈਨਲ ਵਿੱਚ ਆਪਣੀ ਲੈਅ ਬਣਾਈ ਰੱਖੀ। ਇਸ ਮੈਚ ਦੇ ਪਹਿਲੇ ਸੈੱਟ ਵਿੱਚ ਇੱਕ ਸਮੇਂ ਸਿੰਧੂ 11-9 ਨਾਲ ਪਿੱਛੇ ਸੀ, ਜਿਸ ਤੋਂ ਬਾਅਦ ਉਸਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਪਹਿਲੇ ਸੈੱਟ ਵਿੱਚ ਅਕਾਨੇ ਯਾਮਾਗੁਚੀ ਨੂੰ 21-17 ਦੇ ਫਰਕ ਨਾਲ ਹਰਾਇਆ। ਇਸ ਤੋਂ ਬਾਅਦ, ਦੂਜੇ ਸੈੱਟ ਦੀ ਸ਼ੁਰੂਆਤ ਤੋਂ ਹੀ, ਸਿੰਧੂ ਨੇ ਅਕਾਨੇ ਯਾਮਾਗੁਚੀ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਲਗਾਤਾਰ ਆਪਣੀ ਲੀਡ ਬਣਾਈ ਰੱਖੀ, ਜਿਸ ਵਿੱਚ ਯਾਮਾਗੁਚੀ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ ਇਹ ਸੈੱਟ ਵੀ 21-17 ਦੇ ਫਰਕ ਨਾਲ ਜਿੱਤ ਲਿਆ ਅਤੇ 50 ਮਿੰਟਾਂ ਦੇ ਅੰਦਰ ਮੈਚ ਖਤਮ ਕਰਕੇ ਖਿਤਾਬ ਜਿੱਤ ਲਿਆ।

ਜਾਪਾਨ ਓਪਨ ਸੁਪਰ-750 ਬੈਡਮਿੰਟਨ ਟੂਰਨਾਮੈਂਟ ਵਿੱਚ, ਪੀਵੀ ਸਿੰਧੂ ਦਾ ਸਾਹਮਣਾ ਸੈਮੀਫਾਈਨਲ ਵਿੱਚ ਚੀਨੀ ਖਿਡਾਰਨ ਅਤੇ ਓਲੰਪਿਕ ਚੈਂਪੀਅਨ ਚੇਨ ਯੂਫੇਈ ਨਾਲ ਹੋਇਆ। ਉਸਨੇ ਪਹਿਲਾ ਸੈੱਟ 21-19 ਨਾਲ ਜਿੱਤਿਆ। ਦੂਜੇ ਸੈੱਟ ਵਿੱਚ 15-10 ਨਾਲ ਅੱਗੇ ਸੀ, ਚੇਨ ਯੂਫੇਈ ਹੈਮਸਟ੍ਰਿੰਗ ਦੀ ਸੱਟ ਕਾਰਨ ਵਿਚਕਾਰੋਂ ਰਿਟਾਇਰ ਹੋ ਗਈ। ਸਿੰਧੂ ਨੂੰ ਕੁਆਰਟਰ ਫਾਈਨਲ ਮੈਚ ਵਿੱਚ ਵਾਕਓਵਰ ਮਿਲਿਆ। ਇਸ ਜਿੱਤ ਨਾਲ ਸਿੰਧੂ ਦੀ ਵਿਸ਼ਵ ਰੈਂਕਿੰਗ ਵਿੱਚ ਵਾਧਾ ਹੋਵੇਗਾ ਅਤੇ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਤਗਮਾ ਜਿੱਤਣ ਦੀਆਂ ਸੰਭਾਵਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
 


author

Tarsem Singh

Content Editor

Related News