ਸਾਫ਼ਟ ਡ੍ਰਿੰਕ ਬਾਜ਼ਾਰ ’ਚ ਬਦਲੀ ਖੇਡ, ਕੈਂਪਾ ਬਣੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕੰਪਨੀ

Tuesday, Jul 21, 2026 - 04:10 AM (IST)

ਸਾਫ਼ਟ ਡ੍ਰਿੰਕ ਬਾਜ਼ਾਰ ’ਚ ਬਦਲੀ ਖੇਡ, ਕੈਂਪਾ ਬਣੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕੰਪਨੀ

ਨਵੀਂ ਦਿੱਲੀ - ਰਿਲਾਇੰਸ ਕੰਜਿਊਮਰ ਪ੍ਰੋਡਕਟਸ ਲਿਮਟਿਡ (ਆਰ. ਸੀ. ਪੀ. ਐੱਲ.) ਦਾ ਸਾਫ਼ਟ ਡ੍ਰਿੰਕ ਬ੍ਰਾਂਡ ਕੈਂਪਾ ਦੇਸ਼ ਦੇ ਕੋਲਡ ਡ੍ਰਿੰਕ ਬਾਜ਼ਾਰ ’ਚ ਤੇਜ਼ੀ ਨਾਲ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਕੰਪਨੀ ਨੇ ਕਈ ਪ੍ਰਮੁੱਖ ਬਾਜ਼ਾਰਾਂ ’ਚ ਦਹਾਈ ਅੰਕ ਦੀ ਬਾਜ਼ਾਰ ਹਿੱਸੇਦਾਰੀ ਹਾਸਲ ਕਰ ਲਈ ਹੈ। ਇਸ ਦੇ ਨਾਲ ਰਿਲਾਇੰਸ ਭਾਰਤ ਦੇ ਨਾਨ-ਅਲਕੋਹਲਿਕ ਰੈਡੀ-ਟੂ-ਡ੍ਰਿੰਕ (ਐੱਨ. ਏ. ਆਰ. ਟੀ. ਡੀ.) ਪੀਣ ਵਾਲੇ ਪਦਾਰਥਾਂ ਦੇ ਬਾਜ਼ਾਰ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ।

ਜੂਨ ਤਿਮਾਹੀ ’ਚ 2,900 ਕਰੋੜ ਰੁਪਏ ਦਾ ਕਾਰੋਬਾਰ
ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਪਹਿਲੀ ਤਿਮਾਹੀ ਦੇ ਨਤੀਜਿਆਂ ’ਚ ਦੱਸਿਆ ਕਿ ਪੀਣ ਵਾਲੇ ਪਦਾਰਥਾਂ ਦੇ ਕਾਰੋਬਾਰ ਤੋਂ ਜੂਨ ਤਿਮਾਹੀ ਦੌਰਾਨ ਲੱਗਭਗ 2,900 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਇਹ ਪਿਛਲੇ ਮਾਲੀ ਸਾਲ ਦੇ ਮੁਕਾਬਲੇ ਰਿਕਾਰਡ ਵਾਧਾ ਹੈ। ਕੰਪਨੀ ਦੀ ਇਸ ਸਫਲਤਾ ’ਚ ਕੈਂਪਾ ਅਤੇ ਇੰਡੀਪੈਂਡੈਂਸ ਵਰਗੇ ਬ੍ਰਾਂਡਾਂ ਦਾ ਵੱਡਾ ਯੋਗਦਾਨ ਰਿਹਾ।

ਕਈ ਬਾਜ਼ਾਰਾਂ ’ਚ 10 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ
ਕੰਪਨੀ ਨੇ ਰਾਸ਼ਟਰੀ ਪੱਧਰ ਦੀ ਬਾਜ਼ਾਰ ਹਿੱਸੇਦਾਰੀ ਦਾ ਅੰਕੜਾ ਜਨਤਕ ਨਹੀਂ ਕੀਤਾ ਹੈ ਪਰ ਉਦਯੋਗ ਨਾਲ ਜੁੜੇ ਸਰੋਤਾਂ ਦਾ ਕਹਿਣਾ ਹੈ ਕਿ ਕੈਂਪਾ ਕਈ ਖੇਤਰੀ ਬਾਜ਼ਾਰਾਂ ’ਚ 10 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹਾਸਲ ਕਰ ਚੁੱਕੀ ਹੈ। ਇਸ ਦੀ ਵੱਡੀ ਵਜ੍ਹਾ ਹਮਲਾਵਰ ਕੀਮਤਾਂ ਅਤੇ ਤੇਜ਼ੀ ਨਾਲ ਵਧਦਾ ਡਿਸਟ੍ਰੀਬਿਊਸ਼ਨ ਨੈੱਟਵਰਕ ਮੰਨਿਆ ਜਾ ਰਿਹਾ ਹੈ।

ਕੋਕਾ-ਕੋਲਾ ਅਤੇ ਪੈਪਸੀਕੋ ਨੂੰ ਮਿਲੀ ਸਖਤ ਚੁਣੌਤੀ
ਕੈਂਪਾ ਦੇ ਤੇਜ਼ ਵਾਧੇ ਨਾਲ ਲੰਬੇ ਸਮੇਂ ਤੋਂ ਬਾਜ਼ਾਰ ’ਤੇ ਦਬਦਬਾ ਬਣਾਈ ਬੈਠੀਆਂ ਕੋਕਾ-ਕੋਲਾ ਅਤੇ ਪੈਪਸੀਕੋ ਦੇ ਸਾਹਮਣੇ ਮੁਕਾਬਲੇਬਾਜ਼ੀ ਵਧ ਗਈ ਹੈ। 2023 ’ਚ ਬ੍ਰਾਂਡ ਦੀ ਦੋਬਾਰਾ ਲਾਂਚਿੰਗ ਤੋਂ ਬਾਅਦ ਰਿਲਾਇੰਸ ਨੇ ਘੱਟ ਕੀਮਤ, ਜ਼ਿਆਦਾ ਉਪਲਬਧਤਾ ਅਤੇ ਉਤਪਾਦਾਂ ਦੀ ਵਿਸਥਾਰਤ ਲੜੀ ਦੇ ਦਮ ’ਤੇ ਬਾਜ਼ਾਰ ’ਚ ਮਜ਼ਬੂਤ ਪਕੜ ਬਣਾਈ ਹੈ।

ਕੋਲਾ ਤੋਂ ਐਨਰਜੀ ਡ੍ਰਿੰਕ ਤੱਕ ਵਧਾਇਆ ਪੋਰਟਫੋਲੀਓ
ਰਿਲਾਇੰਸ ਨੇ ਕੈਂਪਾ ਦੇ ਤਹਿਤ ਕੋਲਾ ਤੋਂ ਇਲਾਵਾ ਲੈਮਨ, ਓਰੇਂਜ ਅਤੇ ਐਨਰਜੀ ਡ੍ਰਿੰਕ ਵਰਗੇ ਉਤਪਾਦ ਵੀ ਬਾਜ਼ਾਰ ’ਚ ਉਤਾਰੇ ਹਨ। ਕੰਪਨੀ ਲਗਾਤਾਰ ਨਵੇਂ ਉਤਪਾਦ ਲਾਂਚ ਕਰ ਕੇ ਗਾਹਕਾਂ ਦੀ ਪਸੰਦ ਅਨੁਸਾਰ ਆਪਣਾ ਪੋਰਟਫੋਲੀਓ ਵਧਾ ਰਹੀ ਹੈ।

ਉਤਪਾਦਨ ਸਮਰੱਥਾ ਵਧਾਉਣ ’ਤੇ ਜ਼ੋਰ
ਵਧਦੀ ਮੰਗ ਨੂੰ ਦੇਖਦੇ ਹੋਏ ਰਿਲਾਇੰਸ ਆਪਣੀ ਨਿਰਮਾਣ ਸਮਰੱਥਾ ਦਾ ਤੇਜ਼ੀ ਨਾਲ ਵਿਸਥਾਰ ਕਰ ਰਹੀ ਹੈ। ਕੰਪਨੀ ਨੇ ਨਵੇਂ ਗ੍ਰੀਨਫੀਲਡ ਬੇਵਰੇਜ ਪਲਾਂਟ ਦਾ ਇਕ ਹਿੱਸਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ’ਚ ਕੈਂਪਾ ਕੈਨ ਦਾ ਉਤਪਾਦਨ ਸ਼ੁਰੂ ਹੋ ਚੁੱਕਾ ਹੈ ਅਤੇ ਛੇਤੀ ਹੀ ਉੱਥੇ ਅਧਿਕਾਰਤ ਲਾਂਚਿੰਗ ਦੀ ਤਿਆਰੀ ਹੈ। ਕੰਪਨੀ ਅਫਰੀਕੀ ਬਾਜ਼ਾਰਾਂ ’ਚ ਵੀ ਆਪਣੇ ਪੀਣ ਵਾਲੇ ਪਦਾਰਥਾਂ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।
 


author

Inder Prajapati

Content Editor

Related News