ਪੰਜ ਤੱਤਾਂ ’ਚ ਵਿਲੀਨ ਹੋਏ ਪੰਡਤ ਸੁਖਰਾਮ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Thursday, May 12, 2022 - 05:32 PM (IST)
ਮੰਡੀ- ਸਾਬਕਾ ਕੇਂਦਰੀ ਦੂਰਸੰਚਾਰ ਮੰਤਰੀ ਪੰਡਤ ਸੁਖਰਾਮ ਦਾ ਵੀਰਵਾਰ ਯਾਨੀ ਕਿ ਅੱਜ ਇੱਥੇ ਹਨੂੰਮਾਨ ਘਾਟ ਸਥਿਤ ਸ਼ਮਸ਼ਾਨਘਾਟ ’ਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੁਖਰਾਮ ਦਾ ਕੱਲ ਦਿੱਲੀ ਦੇ ਏਮਜ਼ ’ਚ ਦਿਹਾਂਤ ਹੋਇਆ ਸੀ। ਅੰਤਿਮ ਸੰਸਕਾਰ ਤੋਂ ਪਹਿਲਾਂ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਸੇਰੀ ਮੰਚ ’ਤੇ ਰੱਖੀ ਗਈ ਸੀ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਆਵਾਸ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ। ਸੁਖਰਾਮ ਦੇ ਪੁੱਤਰ ਅਤੇ ਭਾਜਪਾ ਵਿਧਾਇਕ ਅਨਿਲ ਸ਼ਰਮਾ ਨੇ ਉਨ੍ਹਾਂ ਨੂੰ ਅਗਨੀ ਦਿੱਤੀ। ਅੰਤਿਮ ਸੰਸਕਾਰ ’ਚ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਮੰਤਰੀਆਂ, ਵਿਧਾਇਕਾਂ, ਪ੍ਰਦੇਸ਼ ਭਾਜਪਾ ਪ੍ਰਧਾਨ ਸੁਰੇਸ਼ ਕਸ਼ਯਪ, ਅਧਿਕਾਰੀਆਂ ਦੀ ਹਾਜ਼ਰੀ ਰਹੀ।
ਦੱਸ ਦੇਈਏ ਕਿ ਬੀਤੇ ਹਫਤੇ ਐਤਵਾਰ ਨੂੰ ਮਨਾਲੀ ’ਚ ਬ੍ਰੇਨ ਸਟੋਕ ਹੋਣ ਨਾਲ ਪੰਡਤ ਸੁਖਰਾਮ ਦੀ ਸਿਹਤ ਅਚਾਨਕ ਵਿਗੜ ਗਈ ਸੀ। ਮਨਾਲੀ, ਕੁੱਲੂ ਅਤੇ ਜ਼ੋਨਲ ਹਸਪਤਾਲ ਮੰਡੀ ’ਚ ਇਲਾਜ ਮਗਰੋਂ ਦਿੱਲੀ ਦੇ ਏਮਜ਼ ’ਚ ਸ਼ਿਫਟ ਕੀਤਾ ਸੀ। ਮੰਗਲਵਾਰ ਰਾਤ ਕਰੀਬ ਡੇਢ ਵਜੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ।