ਪ੍ਰਮਾਣੂ ਪਣਡੁੱਬੀ ਤੋਂ ਕੇ-4 ਮਿਜ਼ਾਈਲ ਦਾ ਸਫਲ ਪ੍ਰੀਖਣ
Friday, Nov 29, 2024 - 03:31 AM (IST)
ਨਵੀਂ ਦਿੱਲੀ - ਭਾਰਤ ਨੇ ਬੰਗਾਲ ਦੀ ਖਾੜੀ ਵਿਚ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀ ਤੋਂ ਲੱਗਭਗ 3,500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਇਨ੍ਹਾਂ ਮਿਜ਼ਾਈਲਾਂ ਤੋਂ ਭਾਰਤ ਦੀ ਰਣਨੀਤਕ ਸਮਰੱਥਾ ਵਿਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਸੂਤਰਾਂ ਨੇ ਦੱਸਿਆ ਕਿ ਕੇ-4 ਮਿਜ਼ਾਈਲ ਦਾ ਪ੍ਰੀਖਣ ਵਿਸ਼ਾਖਾਪਟਨਮ ਦੇ ਤੱਟ ’ਤੇ ਪਣਡੁੱਬੀ ਆਈ. ਐੱਨ. ਐੱਸ. ਅਰਿਘਾਟ ਤੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪਣਡੁੱਬੀ ਲਾਂਚ ਕੀਤੀ ਗਈ ਬੈਲਿਸਟਿਕ ਮਿਜ਼ਾਈਲ (ਐੱਸ. ਐੱਲ. ਬੀ. ਐੱਮ.) ਦਾ ਪਹਿਲਾ ਪ੍ਰੀਖਣ ਸੀ।
ਪਿਛਲੇ ਕੁਝ ਸਾਲਾਂ ਵਿਚ ਪਣਡੁੱਬੀ ਪਲੇਟਫਾਰਮ ਤੋਂ ਠੋਸ ਈਂਧਣ ਵਾਲੀ ਮਿਜ਼ਾਈਲ ਦਾ ਘੱਟੋ-ਘੱਟ 5 ਵਾਰ ਪ੍ਰੀਖਣ ਕੀਤਾ ਗਿਆ ਹੈ। ਮਿਜ਼ਾਈਲ ਦੀ ਲੱਗਭਗ ਪੂਰੀ ਰੇਂਜ ਲਈ ਪ੍ਰੀਖਣ ਕੀਤਾ ਗਿਆ। ਦੂਜੀ ਅਰਿਹੰਤ-ਸ਼੍ਰੇਣੀ ਦੀ ਪਣਡੁੱਬੀ ਆਈ. ਐੱਨ. ਐੱਸ. ਅਰਿਘਾਟ ਨੂੰ 29 ਅਗਸਤ ਨੂੰ ਭਾਰਤੀ ਸਮੁੰਦਰੀ ਫੌਜ ਵਿਚ ਸ਼ਾਮਲ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਭਾਰਤ ਦੀ ਪ੍ਰਮਾਣੂ ਰੋਕੂ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ।