ਉੱਪ ਚੋਣਾਂ ਨਤੀਜੇ: ਜਸਦਨ 'ਚ ਭਾਜਪਾ ਜਿੱਤੀ, ਕੋਲੇਬਿਰਾ 'ਚ ਕਾਂਗਰਸ ਜਿੱਤੀ

Sunday, Dec 23, 2018 - 01:01 PM (IST)

ਉੱਪ ਚੋਣਾਂ ਨਤੀਜੇ: ਜਸਦਨ 'ਚ ਭਾਜਪਾ ਜਿੱਤੀ, ਕੋਲੇਬਿਰਾ 'ਚ ਕਾਂਗਰਸ ਜਿੱਤੀ

ਗਾਂਧੀਨਗਰ/ਰਾਂਚੀ— ਗੁਜਰਾਤ ਦੇ ਜਸਦਨ ਅਤੇ ਝਾਰਖੰਡ ਦੇ ਕੋਲੇਬਿਰਾ ਵਿਧਾਨ ਸਭਾ ਉੱਪ ਚੋਣਾਂ ਲਈ ਵੋਟਾਂ ਦੀ ਗਿਣਤੀ ਪੂਰੀ ਹੋ ਚੁਕੀ ਹੈ। ਇਨ੍ਹਾਂ ਦੋਹਾਂ ਨੂੰ ਭਾਜਪਾ ਅਤੇ ਕਾਂਗਰਸ ਲਈ ਸਨਮਾਨ ਦੀ ਲੜਾਈ ਮੰਨਿਆ ਜਾ ਰਿਹਾ ਹੈ। ਇਕ ਪਾਸੇ ਜਿੱਥੇ ਭਾਜਪਾ ਵਿਧਾਨ ਸਭਾ ਚੋਣਾਂ 'ਚ ਹਾਰ ਝੱਲ ਚੁੱਕੀ ਹੈ, ਉੱਥੇ ਹੀ ਕਾਂਗਰਸ ਬੇਹੱਦ ਉਤਸ਼ਾਹਤ ਹੈ। ਜਸਦਨ 'ਚ ਜਿੱਥੇ ਭਾਜਪਾ ਨੂੰ ਜਿੱਤ ਮਿਲੀ ਹੈ, ਉੱਥੇ ਹੀ ਝਾਰਖੰਡ 'ਚ ਕਾਂਗਰਸ ਦੀ ਜਿੱਤ ਨਾਲ ਅੰਕੜਾ ਬਰਾਬਰੀ ਦਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਜਸਦਨ ਵਿਧਾਨ ਸਭਾ ਸੀਟ ਤੋਂ ਵਿਧਾਇਕ ਕੁੰਵਰਜੀ ਬਾਵਲੀਆ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉੱਥੋ ਚੋਣਾਂ ਹੋ ਰਹੀਆਂ ਹਨ। ਤਾਜ਼ਾ ਰੁਝਾਨ ਆਉਣ ਤੱਕ ਜਸਦਨ ਸੀਟ 'ਤੇ ਭਾਜਪਾ ਦੇ ਟਿਕਟ 'ਤੇ ਚੋਣਾਂ ਲੜ ਰਹੇ ਬਾਵਲੀਆ ਜਿੱਤ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ 19985 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਅਵਸਰ ਨਕੀਆ ਦੂਜੇ ਨੰਬਰ 'ਤੇ ਰਹੇ। ਭਾਜਪਾ ਦੀ ਜਿੱਤ ਤੋਂ ਉਤਸ਼ਾਹਤ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਹੈ ਕਿ ਇਹ ਜਿੱਤ ਇਸ ਗੱਲ ਵੱਲ ਸਾਫ਼ ਇਸ਼ਾਰਾ ਕਰਦੀ ਹੈ ਕਿ 2019 'ਚ ਭਾਜਪਾ ਭਾਰੀ ਬਹੁਮਤ ਨਾਲ ਜਿੱਤੇਗੀ। 

ਦੂਜੇ ਪਾਸੇ ਕੋਲੇਬਿਰਾ ਸੀਟ ਤੋਂ ਝਾਰਖੰਡ ਪਾਰਟੀ ਵਿਧਾਇਕ ਇਨੋਸ ਏਕਾ ਨੂੰ ਇਕ ਟੀਚਰ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉੱਥੇ ਹੋ ਰਹੀਆਂ ਉੱਪ ਚੋਣਾਂ 'ਚ ਕਾਂਗਰਸ ਉਮੀਦਵਾਰ ਨਮਨ ਬਿਕਸਲ ਕਾਂਗਰੀ 9,658 ਵੋਟਾਂ ਦੇ ਅੰਤਰ ਨਾਲ ਚੋਣਾਂ ਜਿੱਤ ਗਏ। ਗਿਣਤੀ ਦੌਰਾਨ ਵੀ ਝਾਰਖੰਡ ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਇੰਚਾਰਜ ਨੇ ਟਵਿੱਟਰ 'ਤੇ ਪਾਰਟੀ ਦੀ ਜਿੱਤ ਦਾ ਭਰੋਸਾ ਜ਼ਾਹਰ ਕੀਤਾ ਸੀ।


Related News