20 ਸਾਲਾ ਵਿਦਿਆਰਥੀ ਮਾਂ ਦੀ ਦਵਾਈ ਲਈ ਕੋਰੋਨਾ ਨਾਲ ਮਰੇ ਮਰੀਜ਼ਾਂ ਨੂੰ ਪਹੁੰਚਾਉਂਦੈ ਸ਼ਮਸ਼ਾਨਘਾਟ
Wednesday, Jun 17, 2020 - 03:00 PM (IST)
ਨਵੀਂ ਦਿੱਲੀ- 12ਵੀਂ ਜਮਾਤ ਦਾ ਵਿਦਿਆਰਥੀ ਚਾਂਦ ਮੁਹੰਮਦ ਭਵਿੱਖ 'ਚ ਮੈਡੀਕਲ ਖੇਤਰ 'ਚ ਜਾਣਾ ਚਾਹੁੰਦਾ ਹੈ ਪਰ ਫਿਲਹਾਲ ਆਰਥਿਕ ਤੰਗੀ, ਆਪਣੇ ਭਰਾ-ਭੈਣਾਂ ਦੇ ਸਕੂਲਾਂ ਦਾ ਖਰਚ ਚੁੱਕਣ ਅਤੇ ਮਾਂ ਦੇ ਇਲਾਜ ਲਈ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੱਕ ਪਹੁੰਚਾਉਣ ਦੇ ਕੰਮ 'ਚ ਲੱਗਾ ਹੋਇਆ ਹੈ। ਚਾਂਦ ਮੁਹੰਮਦ ਦੀ ਮਾਂ ਨੂੰ ਥਾਇਰਾਇਡ ਸੰਬੰਧੀ ਸ਼ਿਕਾਇਤ ਹੈ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ ਪਰ ਪਰਿਵਾਰ ਕੋਲ ਇਲਾਜ ਕਰਵਾਉਣ ਦੀ ਪੈਸਿਆਂ ਦੀ ਕਮੀ ਹੈ। ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਦੇ ਰਹਿਣ ਵਾਲੇ 20 ਸਾਲਾ ਮੁਹੰਮਦ ਨੇ ਕਿਹਾ,''ਲਾਕਡਾਊਨ ਦੌਰਾਨ ਕ੍ਰਿਸ਼ਨਾ ਨਗਰ ਮਾਰਕੀਟ 'ਚ ਕੱਪੜੇ ਦੀ ਦੁਕਾਨ ਤੋਂ ਮੇਰੇ ਭਰਾ ਦੀ ਨੌਕਰੀ ਚੱਲੀ ਗਈ। ਉਦੋਂ ਤੋਂ ਅਸੀਂ ਮੁਸ਼ਕਲ ਨਾਲ ਆਪਣਾ ਖਰਚਾ ਚੁੱਕ ਪਾਉਂਦੇ ਹਾਂ।''
ਉਨ੍ਹਾਂ ਦਾ ਪਰਿਵਾਰ ਕਿਸੇ ਤਰ੍ਹਾਂ ਗੁਆਂਢੀਆਂ ਵਲੋਂ ਦਿੱਤੇ ਗਏ ਖਾਣੇ ਜਾਂ ਭਰਾ ਵਲੋਂ ਛੋਟੀ-ਮੋਟੀ ਨੌਕਰੀ ਕਰ ਕੇ ਕਮਾਏ ਗਏ ਪੈਸਿਆਂ ਨਾਲ ਚੱਲ ਰਿਹਾ ਹੈ। ਇਕ ਹਫ਼ਤੇ ਪਹਿਲਾਂ ਚਾਂਦ ਨੇ ਇਕ ਨਿੱਜੀ ਕੰਪਨੀ 'ਚ ਨੌਕਰੀ ਸ਼ੁਰੂ ਕੀਤੀ, ਜਿਸ ਨੇ ਉਸ ਨੂੰ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ 'ਚ ਸਫ਼ਾਈ ਕਾਮੇ ਦੇ ਕੰਮ 'ਤੇ ਲੱਗਾ ਦਿੱਤਾ। ਇਸ ਨੌਕਰੀ 'ਚ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਦੀ ਦੇਖਰੇਖ ਦਾ ਕੰਮ ਵੀ ਹੁੰਦਾ ਹੈ। ਉਹ ਦੁਪਹਿਰ 12 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਕੰਮ ਦੇ ਸਾਰੇ ਬਦਲ ਖਤਮ ਹੋਣ ਕਾਰਨ ਹੁਣ ਉਸ ਨੇ ਇਹ ਕੰਮ ਸ਼ੁਰੂ ਕੀਤਾ ਹੈ। ਇਹ ਇਕ ਖਤਰਨਾਕ ਕੰਮ ਹੈ, ਕਿਉਂਕਿ ਇਸ 'ਚ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਰਹਿੰਦਾ ਹੈ।
ਮੁਹੰਮਦ ਨੇ ਕਿਹਾ,''ਸਾਡੇ ਪਰਿਵਾਰ 'ਚ ਤਿੰਨ ਭੈਣਾਂ, 2 ਭਰਾ ਅਤੇ ਮਾਤਾ-ਪਿਤਾ ਹਨ, ਜੋ ਬਿਨਾਂ ਪੈਸੇ ਦੇ ਸੰਘਰਸ਼ ਕਰ ਰਹੇ ਹਨ। ਹਾਲੇ ਸਾਨੂੰ ਭੋਜਨ ਅਤੇ ਮਾਂ ਦੀ ਦਵਾਈ ਲਈ ਪੈਸਿਆਂ ਦੀ ਬਹੁਤ ਜ਼ਰੂਰਤ ਹੈ।'' ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਘਰ 'ਚ ਇਕ ਹੀ ਵਾਰ ਦਾ ਖਾਣਾ ਹੁੰਦਾ ਹੈ। ਸੰਭਵ ਹੈ ਕਿ ਵਾਇਰਸ ਤੋਂ ਤਾਂ ਫਿਰ ਵੀ ਬਚ ਜਾਵਾਂਗੇ ਪਰ ਅਸੀਂ ਭੁੱਖ ਤੋਂ ਨਹੀਂ ਬਚ ਸਕਦੇ ਹਾਂ? ਮੁਹੰਮਦ ਨੇ ਕਿਹਾ ਕਿ ਉਸ ਦੀਆਂ 2 ਭੈਣਾਂ ਵੀ ਸਕੂਲ 'ਚ ਹਨ ਅਤੇ ਉਹ ਖੁਦ ਵੀ 12ਵੀਂ ਦਾ ਵਿਦਿਆਰਥੀ ਹੈ ਅਤੇ ਪੜ੍ਹਨ ਲਈ ਪੈਸਿਆਂ ਦੀ ਜ਼ਰੂਰਤ ਹੈ, ਕਿਉਂਕਿ ਹਾਲੇ ਵੀ ਸਕੂਲ ਦੀ ਫੀਸ ਬਾਕੀ ਹੈ।
ਉਸ ਨੇ ਕਿਹਾ,''ਫਿਲਹਾਲ ਦੁਨੀਆ ਦਾ ਸਭ ਤੋਂ ਖਤਰਨਾਕ ਕੰਮ (ਕੋਵਿਡ-19 ਦੇ ਮ੍ਰਿਤਕਾਂ ਦੀਆਂ ਲਾਸ਼ਾਂ ਨਾਲ ਜੁੜਿਆ ਕੰਮ) ਪ੍ਰਤੀ ਮਹੀਨਾ 17 ਹਜ਼ਾਰ ਰੁਪਏ ਤਨਖਾਹ ਦਿੰਦਾ ਹੈ।'' ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਘੱਟੋ-ਘੱਟ 2 ਤੋਂ 3 ਲਾਸ਼ਾਂ ਨੂੰ ਹੋਰ ਸਫ਼ਾਈ ਕਾਮਿਆਂ ਨਾਲ ਐਂਬੂਲੈਂਸ 'ਚ ਪਾਉਂਦੇ ਹਨ, ਸ਼ਮਸ਼ਾਨਘਾਟ ਪਹੁੰਚਣ 'ਤੇ ਉਸ ਨੂੰ ਸਟਰੈਕਚਰ 'ਤੇ ਚੁੱਕ ਕੇ ਹੇਠਾਂ ਰੱਖਦੇ ਹਨ। ਇਸ ਦੌਰਾਨ ਪੀਪੀਈ ਪਹਿਨ ਕੇ ਕੰਮ ਕਰਨਾ ਹੁੰਦਾ ਹੈ ਅਤੇ ਇੰਨੀ ਗਰਮੀ 'ਚ ਇਹ ਬੇਹੱਦ ਮੁਸ਼ਕਲ ਹੈ ਅਤੇ ਸਾਹ ਲੈਣ 'ਚ ਵੀ ਪਰੇਸ਼ਾਨੀ ਹੁੰਦੀ ਹੈ। ਮੁਹੰਮਦ ਨੇ ਕਿਹਾ,''ਮੈਂ ਹਰ ਤਰ੍ਹਾਂ ਦੇ ਚੌਕਸੀ ਕਦਮ ਚੁੱਕ ਰਿਹਾ ਹਾਂ ਪਰ ਫਿਲਹਾਲ ਸਾਨੂੰ ਮਦਦ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਪਰਿਵਾਰ ਚੱਲ ਸਕੇ।''