MBBS ''ਚ ਦਾਖ਼ਲਾ ਲੈਣ ਲਈ ਕੱਟ ਲਿਆ ਆਪਣਾ ਪੈਰ, ਦਿਵਿਆਂਗ ਕੋਟੇ ਦਾ ਚੁੱਕਣਾ ਚਾਹੁੰਦਾ ਸੀ ਫ਼ਾਇਦਾ
Friday, Jan 23, 2026 - 04:09 PM (IST)
ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਇਕ ਵਿਦਿਆਰਥੀ ਨੇ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) 'ਚ 2 ਵਾਰ ਅਸਫ਼ਲ ਹੋਣ ਤੋਂ ਬਾਅਦ ਐੱਮਬੀਬੀਐੱਸ 'ਚ ਦਾਖ਼ਲੇ ਲਈ ਦਿਵਿਆਂਗ ਕੋਟਾ ਹਾਸਲ ਕਰਨ ਦੀ ਨੀਅਤ ਨਾਲ ਆਪਣਾ ਕੱਟ ਲਿਆ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਾਂਚ ਤੋਂ ਬਾਅਦ ਇਸ ਸਾਜਿਸ਼ ਦਾ ਖੁਲਾਸਾ ਕਰ ਦਿੱਤਾ ਗਿਆ। ਐਡੀਸ਼ਨਲ ਪੁਲਸ ਸੁਪਰਡੈਂਟ ਆਯੂਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਲਾਈਨ ਬਾਜ਼ਾਰ ਥਾਣਾ ਖੇਤਰ ਦੇ ਖਲੀਲਪੁਰ ਪਿੰਡ ਵਾਸੀ ਆਕਾਸ਼ ਭਾਸਕਰ ਨੇ 18 ਜਨਵਰੀ ਦੀ ਸਵੇਰ ਪੁਲਸ ਨੂੰ ਸੂਚਨਾ ਦਿੱਤੀ ਕਿ 17 ਜਨਵਰੀ ਦੇਰ ਰਾਤ ਕੁਝ ਅਣਪਛਾਤੇ ਬਦਮਾਸ਼ ਉਸ ਦੇ ਨਿਰਮਾਣ ਘਰ 'ਚ ਆਏ ਅਤੇ ਉਸ ਦੇ ਭਰਾ ਸੂਰਜ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ ਦਾ ਪੈਰ ਕੱਟ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਸਨਸਨੀਖੇਜ਼ ਸੂਚਨਾ ਤੋਂ ਬਾਅਦ ਪੁਲਸ ਨੇ ਤੁਰੰਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਐਡੀਸ਼ਨਲ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਨਗਰ ਖੇਤਰ ਦੇ ਪੁਲਸ ਖੇਤਰ ਅਧਿਕਾਰੀ (ਸੀਓ) ਗੋਲਡੀ ਗੁਪਤਾ ਨੂੰ ਸੌਂਪੀ ਗਈ। ਜਾਂਚ ਦੌਰਾਨ ਪੁਲਸ ਨੂੰ ਸੂਰਜ ਦੀ ਕਹਾਣੀ 'ਤੇ ਸ਼ੱਕ ਹੋਇਆ। ਉਨ੍ਹਾਂ ਦੱਸਿਆ ਕਿ ਮੋਬਾਇਲ ਦੀ ਜਾਂਚ 'ਚ ਇਕ ਕੁੜੀ ਦਾ ਨੰਬਰ ਮਿਲਿਆ, ਜਿਸ ਤੋਂ ਪੁੱਛ-ਗਿੱਛ ਮਗਰੋਂ ਸ਼ੱਕ ਹੋਰ ਡੂੰਘਾ ਹੋ ਗਿਆ। ਇਸ ਵਿਚ, ਪੁਲਸ ਨੂੰ ਸੂਰਜ ਦੀ ਇਕ ਡਾਇਰੀ ਵੀ ਮਿਲੀ, ਜਿਸ 'ਚ ਉਸ ਨੇ ਲਿਖਿਆ ਸੀ,''2026 'ਚ ਮੈਂ ਐੱਮਬੀਬੀਐੱਸ ਡਾਕਟਰ ਬਣ ਕੇ ਰਹਾਂਗਾ।'' ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਸੂਰਜ ਨੀਟ 'ਚ 2 ਵਾਰ ਅਸਫ਼ਲ ਹੋਣ ਤੋਂ ਬਾਅਦ ਮਾਨਸਿਕ ਤਣਾਅ 'ਚ ਆ ਗਿਆ ਸੀ ਅਤੇ ਐੱਮਬੀਬੀਐੱਸ 'ਚ ਦਾਖ਼ਲ ਲਈ ਦਿਵਿਆਂਗ ਕੋਟੇ ਦਾ ਲਾਭ ਲੈਣ ਦੀ ਯੋਜਨਾ ਦੇ ਅਧੀਨ ਉਸ ਨੇ ਖ਼ੁਦ ਹੀ ਆਪਣਾ ਪੈਰ ਕੱਟ ਲਿਆ। ਪੁਲਸ ਅਨੁਸਾਰ, ਨੌਜਵਾਨ ਨੇ ਝੂਠੀ ਕਹਾਣੀ ਬਣਾਈ ਪਰ ਸਬੂਤਾਂ ਅਤੇ ਸਖ਼ਤ ਪੁੱਛ-ਗਿੱਛ ਦੇ ਸਾਹਮਣੇ ਉਸ ਦਾ ਦਾਅਵਾ ਟਿਕ ਨਹੀਂ ਸਕਿਆ। ਲਾਈਨ ਬਾਜ਼ਾਰ ਥਾਣਾ ਇੰਚਾਰਜ ਸਤੀਸ਼ ਸਿੰਘ ਨੇ ਦੱਸਿਆ ਕਿ ਸੂਰਜ ਦਾ ਇਲਾਜ ਪਾਰਥ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਾਨੂੰਨੀ ਰਾਏ ਮੰਗੀ ਗਈ ਹੈ ਅਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
