ਅਵਾਰਾ ਕੁੱਤਿਆਂ ਦਾ ਆਤੰਕ, 3 ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰਿਆ

Saturday, Nov 26, 2022 - 05:11 PM (IST)

ਹਮੀਰਪੁਰ (ਰਾਜੀਵ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ’ਚ ਆਵਾਰਾ ਕੁੱਤਿਆਂ ਨੇ ਆਤੰਕ ਮਚਾ ਰੱਖਿਆ ਹੈ। ਹੁਣ ਇਹ ਆਵਾਰਾ ਕੁੱਤੇ ਖੂੰਖਾਰ ਅਤੇ ਜਾਨਲੇਵਾ ਬਣ ਚੁੱਕੇ ਹਨ। ਬੀਤੇ ਦਿਨੀਂ ਹਮੀਰਪੁਰ ਸ਼ਹਿਰ ਦੇ ਵਾਰਡ ਨੰਬਰ-8 ’ਚ ਅਵਾਰਾ ਕੁੱਤਿਆਂ ਨੇ 3 ਸਾਲ ਦੀ ਮਾਸੂਮ ਬੱਚੀ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਝੁੱਗੀ-ਝੌਂਪੜੀ ਵਿਚ ਰਹਿਣ ਵਾਲੇ ਨਗਰ ਪਰੀਸ਼ਦ ਦੇ ਸਫ਼ਾਈ ਕਰਮੀ ਲੱਖਣ ਦੀ 3 ਸਾਲਾ ਧੀ ਕਿਰਨ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਆਪਣੀ ਝੌਂਪੜੀ ਨਾਲ ਪਖ਼ਾਨੇ ਲਈ ਗਈ ਸੀ। ਇਸ ਦੌਰਾਨ ਅਵਾਰਾ ਕੁੱਤਿਆ ਨੇ ਉਸ ਨੂੰ ਦਬੋਚ ਲਿਆ ਅਤੇ ਉਸ ਨੂੰ 20 ਮੀਟਰ ਦੂਰ ਲੈ ਗਏ।

ਜਿੱਥੇ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ। ਜਦੋਂ ਕਾਫੀ ਦੇਰ ਤੱਕ ਬੱਚੀ ਨਹੀਂ ਆਈ ਤਾਂ ਨਾਲ ਰਹਿਣ ਵਾਲੇ ਪ੍ਰਵਾਸੀ ਅਤੇ ਪਿਤਾ ਲੱਖਣ ਬੱਚੀ ਨੂੰ ਲੱਭਣ ਗਏ। ਇਸ ਦੌਰਾਨ ਕੁੱਤੇ ਬੱਚੀ ਨੂੰ ਨੋਚ ਰਹੇ ਸਨ। ਬਹੁਤ ਮੁਸ਼ਕਲ ਨਾਲ ਉਨ੍ਹਾਂ  ਨੇ ਬੱਚੀ ਨੂੰ ਕੁੱਤਿਆਂ ਤੋਂ ਛੁਡਵਾਇਆ ਅਤੇ ਮੈਡੀਕਲ ਕਾਲਜ ਹਮੀਰਪੁਰ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਬੱਚੀ ਨੂੰ ਕੁੱਤਿਆਂ ਵੱਲੋ ਨੋਚੇ ਜਾਣ ਦੀ ਖ਼ਬਰ ਸ਼ਹਿਰ ’ਚ ਅੱਗ ਵਾਂਗ ਫੈਲ ਗਈ ਅਤੇ ਹੁਣ ਲੋਕ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਚਿੰਤਤ ਹਨ। ਉੱਥੇ ਹੀ ਨਗਰ ਪਰੀਸ਼ਦ ਹਮੀਰਪੁਰ ਦੇ ਪ੍ਰਧਾਨ ਮਨੋਜ ਮਿਨਹਾਸ ਨੇ ਦੱਸਿਆ ਕਿ ਉਕਤ ਘਟਨਾ ਬਹੁਤ ਦੀ ਦੁਖਦ ਹੈ। ਪੁਲਸ ਨੇ ਬੱਚੀ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਮਾਰਨ ਦੇ ਨਿਰਦੇਸ਼ ਦਿੱਤੇ ਜਾਣ ਤਾਂ ਕਿ ਲੋਕ ਸੁਰੱਖਿਅਤ ਰਹਿ ਸਕਣ। ਉੱਥੇ ਹੀ ਪੀੜਤ ਪਰਿਵਾਰ ਨੂੰ ਛੇਤੀ ਮੁਆਵਜ਼ਾ ਦਿੱਤਾ ਜਾਵੇਗਾ।


Tanu

Content Editor

Related News