ਸਟੈਚੂ ਆਫ ਯੂਨਿਟੀ ਵਿਖੇ ਹਰ ਸਾਲ ਜੁੜਨਗੇ ਦੇਸ਼ ਦੇ ਸੀਨੀਅਰ ਅਤੇ ਨੌਜਵਾਨ IAS ਅਧਿਕਾਰੀ; ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਪਹਿਲ

Friday, Jun 05, 2026 - 11:37 AM (IST)

ਸਟੈਚੂ ਆਫ ਯੂਨਿਟੀ ਵਿਖੇ ਹਰ ਸਾਲ ਜੁੜਨਗੇ ਦੇਸ਼ ਦੇ ਸੀਨੀਅਰ ਅਤੇ ਨੌਜਵਾਨ IAS ਅਧਿਕਾਰੀ; ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਪਹਿਲ

ਗੁਜਰਾਤ- ਕੇਂਦਰ ਸਰਕਾਰ ਨੇ ਦੇਸ਼ ਦੀ ਪ੍ਰਸ਼ਾਸਨਿਕ ਸੇਵਾ 'ਚ ਤਜ਼ਰਬੇ ਅਤੇ ਮੁਹਾਰਤ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਨਵੀਂ ਯੋਜਨਾ ਤਹਿਤ ਹੁਣ ਦੇਸ਼ ਭਰ ਦੇ ਸੀਨੀਅਰ ਅਤੇ ਜੂਨੀਅਰ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਹਰ ਸਾਲ ਗੁਜਰਾਤ 'ਚ ਸਟੈਚੂ ਆਫ ਯੂਨਿਟੀ ਵਿਖੇ ਇਕੱਠੇ ਹੋਣਗੇ। ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੋਵੇਗਾ ਜਿੱਥੇ ਵੱਖ-ਵੱਖ ਬੈਚਾਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਖੇਤਰਾਂ ਨਾਲ ਸਬੰਧਤ ਅਧਿਕਾਰੀ ਇੱਕ-ਦੂਜੇ ਨਾਲ ਆਪਣੇ ਵਿਚਾਰ ਅਤੇ ਗਿਆਨ ਸਾਂਝਾ ਕਰਨਗੇ।

ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2025 'ਚ ਮੁੱਖ ਸਕੱਤਰਾਂ ਦੀ 5ਵੀਂ ਰਾਸ਼ਟਰੀ ਕਾਨਫਰੰਸ ਦੌਰਾਨ ਪੇਸ਼ ਕੀਤੇ ਗਏ ਵਿਜ਼ਨ ਤੋਂ ਬਾਅਦ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਪੁਰਾਣੇ ਬੈਚਾਂ ਦੇ ਅਧਿਕਾਰੀਆਂ ਨੂੰ ਸਟੈਚੂ ਆਫ ਯੂਨਿਟੀ ਦਾ ਦੌਰਾ ਕਰਕੇ ਅਤੇ ਨੌਜਵਾਨ ਅਧਿਕਾਰੀਆਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਵਿਜ਼ਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਇਹ ਮੈਂਟਰਸ਼ਿਪ ਅਤੇ ਗਿਆਨ-ਸਾਂਝਾਕਰਨ ਪ੍ਰੋਗਰਾਮ ਹਰ ਸਾਲ 31 ਅਕਤੂਬਰ ਨੂੰ 'ਰਾਸ਼ਟਰੀ ਏਕਤਾ ਦਿਵਸ' (Rashtriya Ekta Diwas) ਦੇ ਮੌਕੇ 'ਤੇ ਕੇਵਡੀਆ, ਗੁਜਰਾਤ ਵਿਖੇ ਆਯੋਜਿਤ ਕੀਤਾ ਜਾਵੇਗਾ। ਡੀ.ਓ.ਪੀ.ਟੀ (DoPT) ਅਨੁਸਾਰ, ਇਸ ਦਾ ਉਦੇਸ਼ ਸੀਨੀਅਰ ਅਤੇ ਨੌਜਵਾਨ ਅਧਿਕਾਰੀਆਂ ਵਿਚਕਾਰ ਇੱਕ ਸਾਰਥਕ ਸੰਵਾਦ ਸਥਾਪਤ ਕਰਨਾ ਹੈ ਤਾਂ ਜੋ ਸ਼ਾਸਨ, ਲੋਕ ਪ੍ਰਸ਼ਾਸਨ ਅਤੇ ਨੀਤੀ ਨਿਰਮਾਣ ਦੇ ਖੇਤਰ ਵਿੱਚ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਕੇਂਦਰ ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਰਾਜਾਂ ਵਿੱਚੋਂ ਵੱਖ-ਵੱਖ ਖੇਤਰਾਂ ਵਿੱਚ ਮੁਹਾਰਤ ਰੱਖਣ ਵਾਲੇ ਸੀਨੀਅਰ ਅਤੇ ਨੌਜਵਾਨ ਅਧਿਕਾਰੀਆਂ ਦੇ ਸਮੂਹਾਂ ਨੂੰ ਇਸ ਪ੍ਰੋਗਰਾਮ ਲਈ ਨਾਮਜ਼ਦ ਕਰਨ। ਰਾਜਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਾਲਾਨਾ ਦੌਰੇ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਅਤੇ ਨਾਮਜ਼ਦ ਅਧਿਕਾਰੀਆਂ ਦੇ ਵੇਰਵੇ ਸਮੇਂ ਸਿਰ ਮੁਹੱਈਆ ਕਰਵਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News