ਘੋਸ਼ ਤੇ ਮੰਧਾਨਾ ਦੀ ਮਦਦ ਨਾਲ ਸੁਪਰ ਜਾਇੰਟਸ ਪਲੇਅ ਆਫ ’ਚ ਕੁਆਲੀਫਾਈ ਕਰਨ ਦੇ ਨੇੜੇ
Monday, Aug 10, 2026 - 10:30 AM (IST)
ਲੰਡਨ– ਰਿਚਾ ਘੋਸ਼, ਸਮ੍ਰਿਤੀ ਮੰਧਾਨਾ ਤੇ ਮੈਡੀ ਵਿਲੀਅਰਜ਼ ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਮਾਨਚੈਸਟਰ ਸੁਪਰ ਜਾਇੰਟਸ ਨੇ ਸਦਰਨ ਬ੍ਰੇਵ ’ਤੇ 27 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਤੇ ਪਲੇਅ ਆਫ ’ਚ ਕੁਆਲੀਫਾਈ ਕਰਨ ਦੀ ਆਪਣੀ ਸੰਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਟਰਨ ਲੈਂਦੀ ਪਿੱਚ ’ਤੇ ਸੁਪਰ ਜਾਇੰਟਸ ਨੇ 139 ਦੌੜਾਂ ਤੱਕ ਪਹੁੰਚ ਕੇ ਇਕ ਚੰਗਾ ਸਕੋਰ ਖੜ੍ਹਾ ਕੀਤਾ। ਮੰਧਾਨਾ ਨੇ 46 ਦੌੜਾਂ ਬਣਾਈਆਂ ਤੇ ਘੋਸ਼ ਨਾਲ ਪਾਰੀ ਨੂੰ ਮਜ਼ਬੂਤੀ ਦਿੱਤੀ। ਬੱਲੇਬਾਜ਼ੀ ਕ੍ਰਮ ’ਚ ਨੰਬਰ 3 ’ਤੇ ਭੇਜੀ ਗਈ ਘੋਸ਼ ਨੇ ਇਸ ਸੀਜ਼ਨ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਦੋਵਾਂ ਭਾਰਤੀ ਖਿਡਾਰਨਾਂ ਨੇ ਮਿਲ ਕੇ ਟੀਮ ਦੀਆਂ 139 ਦੌੜਾਂ ’ਚੋਂ 100 ਦੌੜਾਂ ਬਣਾਈਆਂ। ਉੱਥੇ ਹੀ, ਸਦਰਨ ਬ੍ਰੇਵ ਦੀਆਂ ਗੇਂਦਬਾਜ਼ਾਂ ’ਚ ਇਸੀ ਵਾਂਗ ਸਭ ਤੋਂ ਸਫਲ ਰਹੀ, ਜਿਸ ਨੇ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ ਤੇ ਦੋਵਾਂ ਭਾਰਤੀ ਖਿਡਾਰਨਾਂ ਨੂੰ 3 ਗੇਂਦਾਂ ਦੇ ਫਰਕ ’ਚ ਆਊਟ ਕੀਤਾ।
ਇਸ ਜਿੱਤ ਦੇ ਨਾਲ ਸੁਪਰ ਜਾਇੰਟਸ ਮੰਗਲਵਾਰ ਨੂੰ ਸਨਰਾਈਜ਼ਰਜ਼ ਲੀਡਜ਼ ਵਿਰੁੱਧ ਆਪਣੇ ਆਖਰੀ ਲੀਗ ਮੈਚ ’ਚ ਉਤਰੇਗੀ ਤੇ ਇਕ ਜਿੱਤ ਦੇ ਨਾਲ ਹੀ ਉਸ ਦੀ ਜਗ੍ਹਾ ਐਲਿਮੀਨੇਟਰ ’ਚ ਹੋਵੇਗੀ। ਉੱਥੇ ਹੀ ਘਰੇਲੂ ਮੈਦਾਨ ’ਤੇ ਪਹਿਲੀ ਹਾਰ ਤੋਂ ਬਾਅਦ ਸਦਰਨ ਬ੍ਰੇਵ ਨੂੰ ਆਪਣੀ ਜਗ੍ਹਾ ਪੱਕੀ ਕਰਨ ਲਈ ਸੋਮਵਾਰ ਨੂੰ ਟ੍ਰੈਂਟ ਰਾਕੇਟਸ ਵਿਰੁੱਧ ਜਿੱਤ ਹਾਸਲ ਕਰਨੀ ਪਵੇਗੀ।
