ਕੋਰੋਨਾ ਵਾਇਰਸ : ਸਿਹਤ ਮੰਤਰਾਲਾ ਦੀ ਅਪੀਲ- ਜਨਤਕ ਥਾਵਾਂ ''ਤੇ ਥੁੱਕਣ ''ਤੇ ਰੋਕ ਲਾਉਣ ਸੂਬੇ
Saturday, Apr 11, 2020 - 12:39 PM (IST)

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ 'ਕੋਵਿਡ-19' ਫੈਲਣ ਤੋਂ ਰੋਕਣ ਲਈ ਕੇਂਦਰੀ ਸਿਹਤ ਮੰਤਰਾਲਾ ਨੇ ਸਾਰੇ ਸੂਬਿਆਂ ਤੋਂ ਜਨਤਕ ਥਾਵਾਂ 'ਤੇ ਚਬਾਉਣ ਵਾਲੇ ਤੰਬਾਕੂ ਅਤੇ ਥੁੱਕਣ 'ਤੇ ਰੋਕ ਲਾਉਣ ਨੂੰ ਕਿਹਾ ਹੈ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਨੂੰ ਭੇਜੀ ਗਈ ਚਿੱਠੀ 'ਚ ਸਿਹਤ ਮੰਤਰਾਲਾ ਨੇ ਕਿਹਾ ਕਿ ਗੈਰ-ਸਿਗਰਟਨੋਸ਼ੀ ਚਬਾਉਣ ਵਾਲੇ ਤੰਬਾਕੂ, ਪਾਨ ਮਸਾਲਾ ਅਤੇ ਸੁਪਾਰੀ ਨਾਲ ਸਰੀਰੀ 'ਚ ਲਾਰ ਵਧੇਰੇ ਬਣਦੀ ਹੈ ਅਤੇ ਇਸ ਨਾਲ ਥੁੱਕਣ ਦੀ ਸਭ ਤੋਂ ਜ਼ਿਆਦਾ ਇੱਛਾ ਹੁੰਦੀ ਹੈ। ਜਨਤਕ ਥਾਵਾਂ 'ਤੇ ਥੁੱਕਣ ਨਾਲ ਕੋਵਿਡ-19 ਦੇ ਪ੍ਰਸਾਰ ਵਿਚ ਤੇਜ਼ੀ ਆ ਸਕਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਖਤਰੇ ਨੂੰ ਦੇਖਦਿਆਂ ਭਾਰਤੀ ਆਯੁਵਿਗਿਆਨ ਮੈਡੀਕਲ ਪਰੀਸ਼ਦ (ਆਈ. ਸੀ. ਐੱਮ. ਆਰ.) ਨੇ ਵੀ ਜਨਤਾ ਨੂੰ ਚਬਾਉਣ ਵਾਲੇ ਤੰਬਾਕੂ ਦੇ ਉਤਪਾਦਾਂ ਦੇ ਸੇਵਨ ਤੋਂ ਦੂਰ ਰਹਿਣ ਅਤੇ ਜਨਤਕ ਥਾਵਾਂ 'ਤੇ ਨਾ ਥੁੱਕਣ ਦੀ ਅਪੀਲ ਕੀਤੀ ਹੈ।
ਚਿੱਠੀ ਮੁਤਾਬਕ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਕੋਲ ਵੱਖ-ਵੱਖ ਕਾਨੂੰਨਾਂ ਤਹਿਤ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਜ਼ਰੂਰੀ ਅਧਿਕਾਰ ਹਨ। ਇਸ ਲਈ ਇਹ ਅਪੀਲ ਕੀਤੀ ਜਾਂਦੀ ਹੈ ਕਿ ਤੰਬਾਕੂ ਉਤਪਾਦਾਂ ਦੀ ਵਰਤੋਂ ਅਤੇ ਥੁੱਕਣ 'ਤੇ ਰੋਕ ਲਾਉਣ ਲਈ ਉੱਚਿਤ ਕਾਨੂੰਨ ਤਹਿਤ ਜ਼ਰੂਰੀ ਉਪਾਅ ਕੀਤੇ ਜਾ ਸਕਦੇ ਹਨ। ਬਿਹਾਰ, ਝਾਰਖੰਡ, ਤੇਲੰਗਾਨਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਨਾਗਾਲੈਂਡ ਅਤੇ ਆਸਾਮ ਵਰਗੇ ਕੁਝ ਸੂਬੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਪਹਿਲਾਂ ਹੀ ਜਨਤਕ ਥਾਵਾਂ 'ਤੇ ਤੰਬਾਕੂ ਉਤਪਾਦਾਂ ਦੇ ਇਸਤੇਮਾਲ ਅਤੇ ਥੁੱਕਣ 'ਤੇ ਪਾਬੰਦੀ ਲਾ ਚੁੱਕੇ ਹਨ। ਸਿਹਤ ਮੰਤਰਾਲਾ ਮੁਤਾਬਕ ਦੇਸ਼ ਭਰ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 7,447 ਰਹੀ, ਜਦਕਿ ਮ੍ਰਿਤਕਾਂ ਦੀ ਗਿਣਤੀ 239 ਤਕ ਪਹੁੰਚ ਗਈ ਹੈ।