ਕਸ਼ਮੀਰ ''ਚ ਭਾਰੀ ਬਰਫ਼ਬਾਰੀ ਕਾਰਨ SSG ਅਤੇ ਮੁਗਲ ਰੋਡ ਹੋਏ ਬੰਦ (ਤਸਵੀਰਾਂ)
Friday, Dec 30, 2022 - 03:27 PM (IST)
ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ 'ਚ ਇਨ੍ਹੀਂ ਦਿਨੀਂ ਭਾਰੀ ਬਰਫਬਾਰੀ ਹੋ ਰਹੀ ਹੈ ਅਤੇ ਸੜਕਾਂ 'ਤੇ ਬਰਫ਼ ਜਮ੍ਹਾ ਹੋਣ ਕਾਰਨ ਇਤਿਹਾਸਕ ਮੁਗਲ ਰੋਡ ਅਤੇ ਸ਼੍ਰੀਨਗਰ-ਸੋਨਮਰਗ-ਗੁਮਰੀ (ਐੱਸ. ਐੱਸ. ਜੀ.) ਮਾਰਗ 'ਤੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਟਰੈਫਿਕ ਪੁਲਸ ਨੇ ਟਵੀਟ ਕੀਤਾ,''ਸੜਕਾਂ 'ਤੇ ਭਾਰੀ ਬਰਫ਼ ਜਮ੍ਹਾ ਹੋਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ, ਮੁਗਲ ਰੋਡ ਅਤੇ ਐੱਸਐੱਸਜੀ ਰੋਡ 'ਤੇ ਆਵਾਜਾਈ ਬੰਦ ਹੋ ਗਈ ਹੈ।''
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਜੰਮੂ ਡਿਵੀਜ਼ਨ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਮੁਗਲ ਸੜਕ ’ਤੇ ਪੀਰ ਕੀ ਗਲੀ 'ਚ ਭਾਰੀ ਬਰਫ਼ ਜਮ੍ਹਾ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਰੁਕ ਗਈ ਹੈ। ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਸੋਨਮਰਗ 'ਚ ਅੱਜ ਤਾਜ਼ਾ ਬਰਫਬਾਰੀ ਹੋਈ। ਇਸੇ ਤਰ੍ਹਾਂ ਜ਼ੋਜਿਲਾ ਪਾਸ 'ਤੇ ਤਾਜ਼ਾ ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨਾਲ ਜੋੜਨ ਵਾਲੀ ਐੱਸ.ਐੱਸ.ਜੀ. ਰੋਡ 'ਤੇ ਆਵਾਜਾਈ ਠੱਪ ਹੋ ਗਈ ਹੈ। ਬੀਕਨ ਰੋਡ ਆਰਗੇਨਾਈਜ਼ੇਸ਼ਨ (ਬੀਆਰਓ), ਹਾਈਵੇਅ ਨੂੰ ਸਾਫ਼ ਕਰਨ ਲਈ ਜ਼ਿੰਮੇਵਾਰ ਸੰਗਠਨ ਨੇ ਲੱਦਾਖ ਹਾਈਵੇਅ ਨੂੰ ਸਾਫ਼ ਕਰਨ ਲਈ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਤਾਇਨਾਤ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਜਾਰੀ ਹੈ। ਉੱਤਰੀ ਕਸ਼ਮੀਰ 'ਚ ਤਾਜ਼ਾ ਬਰਫਬਾਰੀ ਕਾਰਨ ਕੇਰਨ 'ਚ ਗੁਰੇਜ਼-ਬਾਂਦੀਪੋਰ, ਸਦਨਾ ਟਾਪ ਅਤੇ ਰਾਜ਼ਦਾਨ ਟਾਪ ਅਤੇ ਕੁਪਵਾੜਾ ਰੋਡ 'ਤੇ ਸੜਕਾਂ ਬੰਦ ਹੋ ਗਈਆਂ ਹਨ।