ਪੁਲਸ ਨੇ ਸ਼੍ਰੀਨਗਰ ''ਚ ਨਸ਼ੀਲੇ ਪਦਾਰਥ ਤਸਕਰਾਂ ਦੀ 4 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
Friday, Jun 05, 2026 - 02:03 PM (IST)
ਸ਼੍ਰੀਨਗਰ- ਸ਼੍ਰੀਨਗਰ ਪੁਲਸ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਦੇ ਅਧੀਨ ਵੱਖ-ਵੱਖ ਕਾਰਵਾਈਆਂ 'ਚ ਨਸ਼ੀਲੇ ਪਦਾਰਥ ਤਸਕਰਾਂ ਦੀ ਚਾਰ ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਲਾਲ ਬਾਜ਼ਾਰ ਅਤੇ ਖਾਨਯਾਰ ਥਾਣਿਆਂ ਵਲੋਂ ਕੀਤੀ ਗਈ ਇਹ ਕਾਰਵਾਈ 'ਨਸ਼ਾ ਮੁਕਤ ਜੰਮੂ ਕਸ਼ਮੀਰ ਮੁਹਿੰਮ' ਦੇ ਅਧੀਨ ਚਲਾਈ ਜਾ ਰਹੀ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਕ ਮਾਮਲੇ 'ਚ ਲਾਲ ਬਾਜ਼ਾਰ ਦੇ ਸਿੱਖ ਬਾਗ ਵਾਸੀ ਆਦਿਲ ਅਹਿਮਦ ਧੋਬੀ ਦੀ ਮਲਕੀਅਤ ਵਾਲੀ 9 ਮਰਲਾ ਜ਼ਮੀਨ 'ਤੇ ਬਣੇ 2 ਮੰਜ਼ਿਲਾ ਰਿਹਾਇਸ਼ੀ ਮਕਾਨ ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 68-ਐੱਫ ਦੇ ਅਧੀਨ ਜ਼ਬਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਆਦਿਲ ਅਹਿਮਦ ਨਾਲ ਸੰਬੰਧਤ ਇਕ ਵਾਹਨ ਨੂੰ ਵੀ ਜ਼ਬਤ ਕੀਤਾ ਗਿਆ। ਲਾਲ ਬਜ਼ਾਰ ਥਾਣਾ ਪੁਲਸ ਦੀ ਇਕ ਹੋਰ ਕਾਰਵਾਈ 'ਚ ਹਾਕਾ ਬਾਜ਼ਾਰ ਵਾਸੀ ਅਰਸ਼ਦ ਅਹਿਮਦ ਸ਼ੇਖ ਦੀ ਮਲਕੀਅਤ ਵਾਲੇ ਇਕ ਵਾਹਨ ਨੂੰ ਵੀ ਐੱਨਡੀਪੀਐੱਸ ਐਕਟ ਦੀ ਧਾਰਾ 68-ਐੱਫ ਦੇ ਅਧੀਨ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ, ਖਾਨਯਾਰ ਥਾਣਾ ਪੁਲਸ ਨੇ ਤੰਗਬਾਗ, ਖਾਨਯਾਰ ਵਾਸੀ ਓਵੈਸ ਹੁਸੈਨ ਦੀ ਮਲਕਅਤ ਵਾਲੇ ਲਗਭਗ 2 ਕਰੋੜ ਰੁਪਏ ਕੀਮਤ ਦੇ 2 ਮੰਜ਼ਿਲਾ ਰਿਹਾਇਸ਼ੀ ਮਕਾਨ ਅਤੇ 12 ਮਰਲਾ ਜ਼ਮੀਨ ਨੂੰ ਜ਼ਬਤ ਕੀਤਾ। ਪੁਲਸ ਬੁਲਾਰੇ ਨੇ ਦੱਸਿਆ ਕਿ ਹੁਸੈਨ ਖ਼ਿਲਾਫ ਖਾਨਯਾਰ ਥਾਣੇ 'ਚ ਐੱਨਡੀਪੀਐੱਸ ਐਕਟ ਦੀ ਧਾਰਾ 8, 20, ਅਤੇ 29 ਦੇ ਅਧੀਨ ਮਾਮਲਾ ਦਰਜ ਹੈ। ਜਾਂਚ ਦੌਰਾਨ ਇਸ ਜਾਇਦਾਦ ਦੀ ਪਛਾਣ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਈ ਆਮਦਨ ਤੋਂ ਖਰੀਦੀ ਗਈ ਜਾਇਦਾਦ ਵਜੋਂ ਕੀਤੀ ਗਈ। ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਇਸ ਨੂੰ ਜ਼ਬਤ ਕਰ ਲਿਆ ਗਿਆ। ਬੁਲਾਰੇ ਨੇ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਅਤੇ ਵਾਹਨਾਂ ਦੀ ਕੁੱਲ ਕੀਮਤ ਚਾਰ ਕਰੋੜ ਰੁਪਏ ਵੱਧ ਹੈ। ਇਹ ਕਾਰਵਾਈ ਜ਼ਿਲ੍ਹੇ 'ਚ ਸਰਗਰਮ ਨਸ਼ੀਲੇ ਪਦਾਰਥ ਤਸਕਰੀ ਨੈੱਟਵਰਕ ਦੇ ਆਰਥਿਕ ਢਾਂਚੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ਾਂ 'ਚ ਇਕ ਮਹੱਤਵਪੂਰਨ ਕਦਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
