ਹਾਫਿਜ਼ ਸਈਦ ਨੇ ਪਾਕਿਸਤਾਨ ਤੋਂ ਰਚੀ ਸੀ ਪਹਿਲਗਾਮ ਹਮਲੇ ਦੀ ਸਾਜਿਸ਼, NIA ਨੇ ਦਾਖ਼ਲ ਕੀਤੀ ਚਾਰਜਸ਼ੀਟ
Monday, Jul 06, 2026 - 03:40 PM (IST)
ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸੋਮਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜੀ ਇਕ ਪੂਰਕ ਚਾਰਜਸ਼ੀਟ (supplementary charge sheet) 'ਚ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਨੂੰ ਦੋਸ਼ੀ ਬਣਾਇਆ। ਐੱਨਆਈਏ ਦੇ ਇਕ ਬਿਆਨ ਅਨੁਸਾਰ, ਜੰਮੂ 'ਚ ਐੱਨਆਈਏ ਦੀ ਵਿਸ਼ੇਸ਼ ਅਦਾਲਤ 'ਚ ਦਾਖ਼ਲ ਚਾਰਜਸ਼ੀਟ 'ਚ, ਅੱਤਵਾਦ ਵਿਰੋਧੀ ਏਜੰਸੀ ਨੇ ਪਾਕਿਸਤਾਨ 'ਚ ਰਹਿਣ ਵਾਲੇ ਸਈਦ 'ਤੇ ਨਿੱਜੀ ਤੌਰ 'ਤੇ ਅਤੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਅਤੇ ਉਸ ਦੇ ਸਰਗਰਮ ਸਹਿਯੋਗੀ ਸੰਗਠਨ 'ਦਿ ਰੇਜ਼ਿਸਟੈਂਸ ਫਰੰਟ' (ਟੀਆਰਐੱਫ) ਦੇ ਮੁਖੀ ਵਜੋਂ ਦੋਸ਼ ਲਗਾਏ ਹਨ।
ਸਈਦ 'ਤੇ ਭਾਰਤੀ ਨਿਆਂ ਸੰਹਿਤਾ 2023 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ), 1967 ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦੋਸ਼ ਲਗਾਏ ਗਏ ਹਨ। ਐੱਨਆਈਏ ਨੇ ਦੋਸ਼ ਪੱਤਰ 'ਚ ਸਈਦ 'ਤੇ ਭਾਰਤ ਖ਼ਿਲਾਫ਼ ਜੰਗ ਛੇੜਨ ਅਤੇ ਸਰਹੱਦ ਪਾਰ ਤੋਂ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਬਿਆਨ ਅਨੁਸਾਰ, 1597 ਪੰਨਿਆਂ ਦੀ ਚਾਰਜਸ਼ੀਟ ਤੋਂ ਬਾਅਦ ਦਾਖ਼ਲ ਕੀਤੇ ਗਏ ਦੋਸ਼ ਪੱਤਰ 'ਚ ਪਾਕਿਸਤਾਨ ਦੀ ਸਾਜਿਸ਼, ਸਈਦ ਦੀ ਭੂਮਿਕਾ ਅਤੇ ਐੱਨਆਈਏ ਵਲੋਂ ਬਾਰੀਕੀ ਨਾਲ ਵਿਗਿਆਨੀ ਜਾਂਚ ਅਤੇ ਜ਼ਮੀਨੀ ਪੜਤਾਲ ਰਾਹੀਂ ਇਕੱਠੇ ਕੀਤੇ ਗਏ ਸਬੂਤਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਐੱਨਆਈਏ ਨੇ 15 ਦਸੰਬਰ 2025 ਨੂੰ ਦਾਖ਼ਲ ਆਪਣੀ ਚਾਰਜਸ਼ੀਟ 'ਚ ਪਾਕਿਸਤਾਨੀ ਹੈਂਡਲਰ ਸਾਜਿਦ ਜੱਟ ਨੂੰ ਦੋਸ਼ੀ ਬਣਾਇਆ ਸੀ, ਨਾਲ ਹੀ ਜੁਲਾਈ 2025 'ਚ 'ਆਪਰੇਸ਼ਨ ਮਹਾਦੇਵ' ਦੌਰਾਨ ਸੁਰੱਖਿਆ ਫ਼ੋਰਸਾਂ ਵਲੋਂ ਮਾਰੇ ਗਏ ਤਿੰਨ ਅੱਤਵਾਦੀਆਂ ਅਤੇ ਗ੍ਰਿਫ਼ਤਾਰ ਕੀਤੇ ਗਏ 2 ਦੋਸ਼ੀਆਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਸੀ। ਉਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ/ਟੀਆਰਐੱਫ 'ਤੇ ਵੀ ਪਹਿਲਗਾਮ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ, ਉਸ 'ਚ ਮਦਦ ਕਰਨ ਅਤੇ ਉਸ ਨੂੰ ਅੰਜਾਮ ਦੇਣ 'ਚ ਭੂਮਿਕਾ ਨਿਭਾਉਣ ਦੇ ਦੋਸ਼ ਲਗਾਏ।
ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਘਾਤਕ ਹਮਲੇ 'ਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ; ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ 25 ਸੈਲਾਨੀਆਂ ਅਤੇ ਇਕ ਸਥਾਨਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸ਼ੁਰੂਆਤ 'ਚ ਪਹਿਲਗਾਮ 'ਚ ਥਾਣੇ 'ਚ ਐੱਫਆਈਆਰ ਦਰਜ ਕੀਤੀ ਗਈ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲਾ ਨੇ ਮਾਮਲਾ ਐੱਨਆਈਏ ਨੂੰ ਸੌਂਪ ਦਿੱਤਾ ਸੀ। ਬਿਆਨ 'ਚ ਕਿਹਾ ਗਿਆ,''ਐੱਨਆਈਏ ਪਾਕਿਸਤਾਨ ਦੀ ਪੂਰੀ ਸਾਜਿਸ਼ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਜਾਰੀ ਰੱਖੇ ਹੋਏ ਹੈ। ਪਾਕਿਸਤਾਨ ਸਰਹੱਦ ਪਾਰ ਤੋਂ ਭਾਰਤੀ ਧਰਤੀ 'ਤੇ ਅੱਤਵਾਦ ਨੂੰ ਸਰਗਰਮ ਰੂਪ ਨਾਲ ਉਤਸ਼ਾਹਤ ਕਰ ਰਿਹਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
