ਤਵੀ ਨਦੀ ''ਚ ਅਚਾਨਕ ਵਧ ਗਿਆ ਪਾਣੀ ਦਾ ਲੈਵਲ ! SDRF ਨੇ 4 ਨੂੰ ਕੀਤਾ ਰੈਸਕਿਊ

Sunday, Jul 05, 2026 - 05:41 PM (IST)

ਤਵੀ ਨਦੀ ''ਚ ਅਚਾਨਕ ਵਧ ਗਿਆ ਪਾਣੀ ਦਾ ਲੈਵਲ ! SDRF ਨੇ 4 ਨੂੰ ਕੀਤਾ ਰੈਸਕਿਊ

ਨੈਸ਼ਨਲ ਡੈਸਕ- ਜੰਮੂ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਨੀਵਾਰ ਨੂੰ ਤਵੀ ਨਦੀ ’ਚ ਪਾਣੀ ਦਾ ਪੱਧਰ ਇਕਦਮ ਵਧ ਗਿਆ, ਜਿਸ ਕਾਰਨ ਨਦੀ ’ਚ ਨਹਾ ਰਹੇ 4 ਬੱਚੇ ਮੌਤ ਤੇ ਜ਼ਿੰਦਗੀ ਵਿਚਾਲੇ ਸੰਘਰਸ਼ ਕਰਦੇ ਹੋਏ ਦਿਸੇ। ਖੁਸ਼ਕਿਸਮਤੀ ਇਹ ਰਹੀ ਕਿ ਸਮਾਂ ਰਹਿੰਦੇ ਪਹੁੰਚੀ ਪੁਲਸ ਤੇ ਐੱਸ. ਡੀ. ਆਰ. ਐੱਫ. ਦੇ ਜਵਾਨਾਂ ਦੇ ਅਣਥੱਕ ਯਤਨਾਂ ਨਾਲ ਨਦੀ ’ਚ ਫਸੇ ਚਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਅਨੁਸਾਰ ਪ੍ਰਾਚੀਨ ਮੰਦਰ ਪੀਰ-ਖੋ ’ਚ ਗਏ ਕੁਝ ਸ਼ਰਧਾਲੂਆਂ ਨੇ ਨਦੀ ’ਚ ਫਸੇ 4 ਬੱਚਿਆਂ ਦਿਵਾਂਸ਼ ਵਰਮਾ ਪੁੱਤਰ ਜਗਦੀਸ਼ ਕੁਮਾਰ, ਅੰਕਸ਼ਿਤ ਕੁਮਾਰ ਪੁੱਤਰ ਪਵਨ ਕੁਮਾਰ, ਵੰਸ਼ ਡੋਗਰਾ ਪੁੱਤਰ ਦਵਿੰਦਰ ਡੋਗਰਾ ਤੇ ਨਾਟੋਕ ਕੁਮਾਰ ਪੁੱਤਰ ਰਾਕੇਸ਼ ਕੁਮਾਰ ਨੂੰ ਮਦਦ ਦੀ ਗੁਹਾਰ ਲਗਾਉਂਦੇ ਦੇਖਿਆ। ਇਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ। 

ਸੂਚਨਾ ਮਿਲਦੇ ਹੀ ਪੁਲਸ ਦੇ ਨਾਲ ਮੌਕੇ ’ਤੇ ਪਹੁੰਚੇ ਐੱਸ. ਡੀ. ਆਰ. ਐੱਫ. ਦੇ ਜਵਾਨਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਐੱਸ. ਡੀ. ਆਰ. ਐੱਫ. ਦੇ ਕਮਾਂਡੈਂਟ ਦੇ ਦਿਸ਼ਾ-ਨਿਰਦੇਸ਼ ’ਤੇ ਟੀਮ ਦੀ ਅਗਵਾਈ ਕਰ ਰਹੇ ਏ. ਐੱਸ. ਆਈ. ਅਬਦੁਲ ਰਹਿਮਾਨ ਦੀ ਟੀਮ ਨੇ ਨਦੀ ’ਚ ਉਤਰ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਸ ਨੇ ਇਕ ਵਾਰ ਫਿਰ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਦੀਆਂ-ਨਾਲਿਆਂ ਨੇੜੇ ਨਾ ਜਾਣ ਦੇਣ।


author

Harpreet SIngh

Content Editor

Related News