ਆਵਾਜਾਈ ਲਈ ਮੁੜ ਖੋਲ੍ਹਿਆ ਗਿਆ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ
01/14/2023 5:32:08 PM

ਸ਼੍ਰੀਨਗਰ- ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਨੂੰ ਬਰਫ਼ਬਾਰੀ ਦੇ ਇਕ ਦਿਨ ਬਾਅਦ ਸ਼ਨੀਵਾਰ ਨੂੰ ਆਵਾਜਾਈ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸੇਵਾਵਾਂ ਨੂੰ ਵੀ ਮੁੜ ਬਹਾਲ ਕਰ ਦਿੱਤਾ ਗਿਆ ਹੈ, ਜਿਸ ਨਾਲ ਕਸ਼ਮੀਰ ਘਾਟੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਫਿਰ ਤੋਂ ਸ਼ੁਰੂ ਹੋ ਗਿਆ ਹੈ। ਅਧਿਕਾਰੀਆਂ ਮੁਤਾਬਕ ਹਵਾਈ ਅੱਡੇ 'ਤੇ ਬਰਫ਼ ਹਟਾਉਣ ਅਤੇ ਵਿਜ਼ੀਬਿਲਟੀ ਦਾ ਪੱਧਰ ਬਿਹਤਰ ਹੋਣ ਮਗਰੋਂ ਘਾਟੀ ਤੋਂ ਦੇਸ਼ ਦੇ ਹੋਰ ਹਿੱਸਿਆਂ ਲਈ ਹਵਾਈ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਹਾਲਾਂਕਿ ਸਵੇਰੇ ਕਈ ਉਡਾਣਾਂ ਦੇਰ ਨਾਲ ਰਵਾਨਾ ਹੋਈਆਂ ਅਤੇ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ।
ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਨੂੰ ਦੇਸ਼ ਨਾਲ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਇਕਮਾਤਰ ਹਵਾਈ ਮਾਰਗ ਸ਼੍ਰੀਨਗਰ-ਜੰਮੂ ਹਾਈਵੇਅ ਨੂੰ ਵੀ ਬਰਫ਼ ਹਟਾਉਣ ਮਗਰੋਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਮੱਧ ਦਰਜੇ ਦੀ ਬਰਫ਼ਬਾਰੀ ਹੋਈ, ਜਦਕਿ ਸ਼੍ਰੀਨਗਰ ਸਮੇਤ ਹੇਠਲੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ। ਇਸ ਦਰਮਿਆਨ ਪੂਰੀ ਘਾਟੀ ਵਿਚ ਰਾਤ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਬਣਿਆ ਹੋਇਆ ਹੈ। ਸ਼੍ਰੀਨਗਰ ਵਿਚ ਸ਼ੁੱਕਰਵਾਰ ਦੀ ਰਾਤ ਤਾਪਮਾਨ ਸਿਫਰ ਤੋਂ 0.1 ਡਿਗਰੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਗਿਆਨ ਮੁਤਾਬਕ ਜੰਮੂ ਦੇ ਮੈਦਾਨੀ ਇਲਾਕਿਆਂ ਵਿਚ ਸ਼ਨੀਵਾਰ ਨੂੰ ਸੰਘਣੀ ਧੁੰਦ ਛਾਈ ਰਹੀ।