ਕਸ਼ਮੀਰ ’ਚ ਬਰਫ਼ਬਾਰੀ, ਆਵਾਜਾਈ ਲਈ ਖੋਲਿ੍ਹਆ ਗਿਆ ਸ਼੍ਰੀਨਗਰ-ਜੰਮੂ ਹਾਈਵੇਅ
Sunday, Jan 10, 2021 - 01:41 PM (IST)
ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਘਾਟੀ ’ਚ ਭਾਰੀ ਬਰਫ਼ਬਾਰੀ ਕਾਰਨ ਕਰੀਬ ਇਕ ਹਫ਼ਤੇ ਤੋਂ ਬੰਦ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਨੂੰ ਐਤਵਾਰ ਯਾਨੀ ਕਿ ਅੱਜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਹਾਲਾਂਕਿ ਸ਼੍ਰੀਨਗਰ ਅਤੇ ਘਾਟੀ ਦੇ ਕੁਝ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 260 ਕਿਲੋਮੀਟਰ ਲੰਬਾ ਇਹ ਹਾਈਵੇਅ ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਸਾਲ ਭਰ ਜੋੜ ਕੇ ਰੱਖਣ ਦਾ ਇਕ ਮਾਤਰ ਹਾਈਵੇਅ ਹੈ, ਜਿਸ ਨੂੰ ਐਤਵਾਰ ਦੀ ਸਵੇਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਜੰਮੂ ਤੋਂ ਸ਼੍ਰੀਨਗਰ ਵੱਲ ਜਾਣ ਵਾਲੀ ਆਵਾਜਾਈ ਨੂੰ ਹੀ ਫ਼ਿਲਹਾਲ ਇਸ ਹਾਈਵੇਅ ਤੋਂ ਲੰਘਣ ਦੀ ਆਗਿਆ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਰੀ ਬਰਫ਼ਬਾਰੀ ਕਾਰਨ ਸੜਕ ’ਤੇ ਬਰਫ਼ ਜਮ੍ਹਾ ਹੋਣ ਅਤੇ ਜ਼ਮੀਨ ਖਿਸਕਣ ਕਰ ਕੇ 3 ਜਨਵਰੀ ਨੂੰ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਈਵੇਅ ਬੰਦ ਹੋਣ ਦੀ ਵਜ੍ਹਾ ਨਾਲ ਕਈ ਵਾਹਨ 5 ਦਿਨਾਂ ਤੱਕ ਫਸੇ ਰਹੇ। ਹਾਈਵੇਅ ਨੂੰ ਸ਼ੁੱਕਰਵਾਰ ਨੂੰ ਸਾਫ਼ ਕੀਤਾ ਗਿਆ ਸੀ ਪਰ ਸ਼ਨੀਵਾਰ ਸਿਰਫ ਫਸੇ ਹੋਏ ਵਾਹਨਾਂ ਨੂੰ ਕੱਢਣ ਦੀ ਆਗਿਆ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਵਿਚ ਸੁਧਾਰ ਆਉਣ ਨਾਲ ਸੜਕ ਦੀ ਸਥਿਤੀ ਵੀ ਬਿਹਤਰ ਹੋਈ, ਜਿਸ ਵਜ੍ਹਾ ਕਰ ਕੇ ਅੱਜ ਸਵੇਰੇ ਨਵੇਂ ਸਿਰਿਓਂ ਵਾਹਨਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਘਾਟੀ ਨੂੰ ਜੰਮੂ ਨਾਲ ਜੋੜਨ ਵਾਲੇ ਬਦਲਵੇਂ ਮਾਰਗ ਮੁਗ਼ਲ ਰੋਡ ਜੋ ਸ਼ੋਪੀਆਂ-ਰਾਜੌਰੀ ਤੋਂ ਲੰਘਦਾ ਹੈ, ਉਹ ਵੀ ਇਲਾਕੇ ’ਚ ਭਾਰੀ ਬਰਫ਼ਬਾਰੀ ਦੀ ਵਜ੍ਹਾ ਨਾਲ ਆਵਾਜਾਈ ਲਈ ਬੰਦ ਹਨ।