ਕਸ਼ਮੀਰ ''ਚ ਬਰਫ਼ਬਾਰੀ ਤੋਂ ਬਾਅਦ ਸ਼੍ਰੀਨਗਰ-ਜੰਮੂ ਅਤੇ ਮੁਗਲ ਰੋਡ ਬੰਦ

11/14/2022 1:25:18 PM

ਸ਼੍ਰੀਨਗਰ (ਵਾਰਤਾ)– ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ, ਸ਼੍ਰੀਨਗਰ-ਲੇਹ ਅਤੇ ਮੁਗਲ ਰੋਡ ਸੋਮਵਾਰ ਨੂੰ ਤਾਜ਼ਾ ਬਰਫ਼ਬਾਰੀ ਅਤੇ ਪੱਥਰ ਡਿੱਗਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤੇ ਗਏ ਹਨ। ਆਵਾਜਾਈ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਸੋਮਵਾਰ ਸਵੇਰੇ ਮੀਂਹ ਕਾਰਨ ਰੁਕ-ਰੁਕ ਕੇ ਪੱਥਰ ਡਿੱਗਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਕਸ਼ਮੀਰ ਘਾਟੀ ਨੂੰ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੋੜਨ ਵਾਲੀ ਸ਼੍ਰੀਨਗਰ-ਸੋਨਮਰਗ-ਗੁਮਰੀ ਸੜਕ ਵੀ ਸੋਮਵਾਰ ਨੂੰ ਬੰਦ ਕਰ ਦਿੱਤੀ ਗਈ ਹੈ। 

ਇਸ ਦੇ ਨਾਲ ਹੀ ਸੋਨਮਰਗ, ਗੁਮਰੀ, ਕੈਪਟਨ ਮੋੜ ਅਤੇ ਜ਼ੋਜਿਲਾ ਦਰਰੇ ਵਰਗੇ ਖੇਤਰ ਤਾਜ਼ਾ ਬਰਫ਼ਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤੇ ਗਏ ਹਨ। ਪੀਰ ਕੀ ਗਲੀ 'ਚ ਸੋਮਵਾਰ ਨੂੰ ਬਰਫ਼ਬਾਰੀ ਤੋਂ ਬਾਅਦ ਦੱਖਣੀ ਕਸ਼ਮੀਰ 'ਚ ਸ਼ੋਪੀਆਂ ਜ਼ਿਲ੍ਹੇ ਨੂੰ ਜੰਮੂ ਖੇਤਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਨਾਲ ਜੋੜਨ ਵਾਲਾ ਮੁਗਲ ਰੋਡ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਉੱਤਰੀ ਕਸ਼ਮੀਰ 'ਚ ਬਾਂਦੀਪੋਰਾ-ਗੁਰੇਜ਼ ਅਤੇ ਮਾਛਿਲ-ਕੁਪਵਾੜਾ ਸੜਕਾਂ 'ਤੇ ਵੀ ਸੋਮਵਾਰ ਨੂੰ ਇਕ ਫੁਟ ਤੋਂ ਵੱਧ ਬਰਫ਼ਬਾਰੀ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ।


Rakesh

Content Editor

Related News