ਕੋਰੋਨਾ ਵਾਇਰਸ ਦੇ ਡਰ ਕਾਰਨ ਸ਼੍ਰੀਨਗਰ ’ਚ ਲੱਗੀਆਂ ਪਾਬੰਦੀਆਂ
Thursday, Mar 19, 2020 - 01:53 PM (IST)
ਸ਼੍ਰੀਨਗਰ (ਭਾਸ਼ਾ)— ਕੋਰੋਨਾ ਵਾਇਰਸ ਦਾ ਖੌਫ ਦੇਸ਼ ਭਰ ’ਚ ਹਰ ਥਾਂ ਦੇਖਣ ਨੂੰ ਮਿਲ ਰਿਹਾ ਹੈ। ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਧਿਕਾਰੀਆਂ ਨੇ ਸ਼੍ਰੀਨਗਰ ਦੇ ਕਈ ਹਿੱਸਿਆਂ ਵਿਚ ਵੀਰਵਾਰ ਭਾਵ ਅੱਜ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ’ਚ ਖਾਨਯਾਰ ਇਲਾਕਾ ਵੀ ਸ਼ਾਮਲ ਹੈ, ਜਿੱਥੇ ਕਸ਼ਮੀਰ ’ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਖਾਨਯਾਰ ਇਲਾਕੇ ’ਚ ਕੋਰੋਨਾ ਵਾਇਰਸ ਨਾਲ ਪੀੜਤ 67 ਸਾਲ ਦੀ ਬਜ਼ੁਰਗ ਔਰਤ ਦੇ ਘਰ ਤੋਂ 300 ਮੀਟਰ ਦੇ ਦਾਇਰੇ ’ਚ ਆਉਣ ਵਾਲੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਦੱਸਿਆ ਕਿ ਲੋਕਾਂ ਨੂੰ ਆਵਾਜਾਈ ਅਤੇ ਉਨ੍ਹਾਂ ਦੇ ਇਕੱਠੇ ਹੋਣ ’ਤੇ ਇਹ ਪਾਬੰਦੀਆਂ ਵਾਇਰਸ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਅਤੇ ਟਵੀਟ ਕੀਤਾ ਕਿ ਕਈ ਇਲਾਕਿਆਂ ’ਚ ਲੋਕਾਂ ਦੇ ਇਕੱਠੇ ਹੋਣ, ਸਭਾ ਕਰਨ ਅਤੇ ਆਵਾਜਾਈ ’ਤੇ ਪਾਬੰਦੀ ਵਾਇਰਸ ਦੇ ਪ੍ਰਸਾਰ ਰੋਕਣ ਦੇ ਟੀਚੇ ਨਾਲ ਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਦੇ ਸੰਪਰਕ ਵਿਚ ਆਏ ਲੋਕ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਰ ਸਮੇਂ ਚਾਲੂ ਕੰਟਰੋਲ ਰੂਮ ਨਾਲ ਸੰਪਰਕ ਕਰਨ। ਡਿਪਟੀ ਕਮਿਸ਼ਨਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫਵਾਹ ਤੋਂ ਬਚਣ ਦੀ ਅਪੀਲ ਕੀਤੀ ਹੈ।