ਬਰਥ ਡੇਅ ਪਾਰਟੀ ਕਰ ਕੇ ਆ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਭਾਣਾ
Thursday, Sep 19, 2024 - 04:21 PM (IST)

ਨਵੀਂ ਦਿੱਲੀ (ਭਾਸ਼ਾ)- ਉੱਤਰੀ ਦਿੱਲੀ 'ਚ ਰਾਜਘਾਟ ਕੋਲ ਤੇਜ਼ ਰਫ਼ਤਾਰ ਐੱਸ.ਯੂ.ਵੀ. ਦੇ ਰੇਲਿੰਗ ਨਾਲ ਟਕਰਾਉਣ ਕਾਰਨ 5 ਕਾਲਜ ਵਿਦਿਆਰਥੀ ਜ਼ਖ਼ਮੀ ਹੋ ਗਏ। ਹੁੰਡਈ ਵੈਨਿਊ ਕਾਰ 'ਚ 5 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਚਾਰ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਜੋ ਗੁਆਂਢੀ ਗੁਰੂਗ੍ਰਾਮ 'ਚ ਇਕ ਪਬ 'ਚ ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਕਾਰ ਤੇਜ਼ ਗਤੀ ਨਾਲ ਚਲਾਈ ਜਾ ਰਹੀ ਸੀ ਅਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਨਾਲ ਹਾਦਸਾ ਵਾਪਰਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਾਂਤੀ ਵਨ ਤੋਂ ਗੀਤਾ ਕਾਲੋਨੀ ਜਾਣ ਵਾਲੀ ਸੜਕ 'ਤੇ ਵਾਪਰੀ।
ਦਿੱਲੀ ਯੂਨੀਵਰਸਿਟੀ ਦੇ ਦਿਆਲ ਸਿੰਘ ਕਾਲਜ 'ਚ ਪਹਿਲੇ ਸਾਲ ਦੇ ਵਿਦਿਆਰਥੀ ਅਸ਼ਵਨੀ ਮਿਸ਼ਰਾ (19) ਨੇ ਆਪਣਾ ਜਨਮ ਦਿਨ ਮਨਾਉਣ ਲਈ ਇਕ ਰਾਤ ਲਈ ਕਾਰ ਕਿਰਾਏ 'ਤੇ ਲਈ ਸੀ। ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਵਾਸੀ ਮਿਸ਼ਰਾ, ਅਸ਼ਵਨੀ ਪਾਂਡੇ (19) ਅਤੇ ਕੇਸ਼ਵ (20), ਸਾਕੇਤ 'ਚ ਰਹਿਣ ਵਾਲੇ 18 ਸਾਲਾ ਕ੍ਰਿਸ਼ਨਾ ਅਤੇ ਦੱਖਣੀ ਦਿੱਲੀ ਦੇ ਛਤਰਪੁਰ ਵਾਸੀ 19 ਸਾਲਾ ਉੱਜਵਲ ਨਾਲ ਬੁੱਧਵਾਰ ਰਾਤ ਗੁਰੂਗ੍ਰਾਮ ਦੇ ਪਬ 'ਜੀ ਟਾਊਨ' ਗਏ ਸਨ। ਪੁਲਸ ਨੇ ਦੱਸਿਆ ਕਿ ਵਾਪਸ ਆਉਂਦੇ ਸਮੇਂ ਮਿਸ਼ਰਾ ਕਾਰ ਚਲਾ ਰਿਹਾ ਸੀ। ਪੁਲਸ ਨੇ ਇਕ ਬਿਆਨ 'ਚ ਕਿਹਾ,''ਗੀਤਾ ਕਾਲੋਨੀ ਫਲਾਈਓਵਰ ਪਾਰ ਕਰਦੇ ਸਮੇਂ ਮਿਸ਼ਰਾ ਆਪਣੇ ਮੋਬਾਇਲ ਫੋਨ 'ਤੇ ਵਜ ਰਹੇ ਗਾਣੇ ਨੂੰ ਬਦਲਦੇ ਸਮੇਂ ਵਾਹਨ ਤੋਂ ਕੰਟਰੋਲ ਗੁਆ ਬੈਠਾ। ਜਿਸ ਕਾਰਨ ਕਾਰ ਰੇਲਿੰਗ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਮਿਸ਼ਰਾ, ਪਾਂਡੇ, ਕੇਸ਼ਵ ਅਤੇ ਕ੍ਰਿਸ਼ਨਾ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਜਦੋਂ ਕਿ ਉੱਜਵਲ ਇਕ ਨਿੱਜੀ ਕਾਲਜ 'ਚ ਪੜ੍ਹਦਾ ਹੈ। ਪੁਲਸ ਨੇ ਦੱਸਿਆ ਕਿ ਦਿੱਲੀ ਦੇ ਲੋਕ ਨਾਇਕ ਹਸਪਤਾਲ 'ਚ ਦਾਖ਼ਲ 5 ਵਿਦਿਆਰਥੀਆਂ 'ਚੋਂ ਮਿਸ਼ਰਾ ਅਤੇ ਪਾਂਡੇ ਦੀ ਹਾਲਤ ਗੰਭੀਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8