ਦਿੱਲੀ-ਪੰਜਾਬ ’ਚ ਹਥਿਆਰ ਸਪਲਾਈ ਕਰਨ ਵਾਲੇ ਸਿੰਡੀਕੇਟ ਦਾ ਪਰਦਾਫਾਸ਼, ਸਪੈਸ਼ਲ ਸੈੱਲ ਨੇ 2 ਲੋਕਾਂ ਨੂੰ ਕੀਤਾ ਗ੍ਰਿਫਤਾਰ
Wednesday, Jul 26, 2023 - 12:50 PM (IST)
ਨਵੀਂ ਦਿੱਲੀ, (ਇੰਟ.)- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮੰਗਲਵਾਰ ਨੂੰ ਦਿੱਲੀ ਅਤੇ ਪੰਜਾਬ ਵਿਚ ਅਪਰਾਧੀਆਂ ਅਤੇ ਗਿਰੋਹਾਂ ਨੂੰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਸਿੰਡੀਕੇਟ ਦਾ ਪਰਦਾਫਾਸ਼ ਕਰ ਦਿੱਤਾ ਹੈ। ਨਾਲ ਹੀ ਟੀਮ ਵਿਚ ਸ਼ਾਮਲ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਸ਼ਮਸ਼ੇਰ ਸਿੰਘ (26) ਅਤੇ ਲਵਦੀਪ ਸਿੰਘ (24) ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਕੋਲੋਂ 32 ਬੋਰ ਦੀਆਂ 12 ਸੈਮੀ-ਆਟੋਮੈਟਿਕ ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਪੁਲਸ ਨੂੰ ਦਿੱਲੀ ਦੀ ਮਜਲਿਸ ਪਾਰਕ ਮੈਟਰੋ ਸਟੇਸ਼ਨ ਨੇੜਿਓਂ 20 ਜੁਲਾਈ ਨੂੰ ਰਾਤ 9 ਵਜੇ ਤੋਂ 10 ਵਜੇ ਦਰਮਿਆਨ ਅਪਰਾਧੀਆਂ ਨੂੰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਦੀ ਸਮੱਗਲਰਾਂ ਦੀ ਯੋਜਨਾ ਬਾਰੇ ਵਿਸ਼ੇਸ਼ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਤੱਤਕਾਲ ਕਾਰਵਾਈ ਕਰਦੇ ਹੋਏ ਜਾਲ ਵਿਛਾਇਆ ਅਤੇ ਦੋਹਾਂ ਦੋਸ਼ੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ।
ਟੀਮ ਨੇ ਜਦੋਂ ਦੋਸ਼ੀਆਂ ਦੀ ਤਲਾਸ਼ੀ ਲਈ ਤਾਂ ਸ਼ਮਸ਼ੇਰ ਦੇ ਬੈਗ ਵਿਚ 32 ਬੋਰ ਦੀਆਂ 7 ਪਿਸਤੌਲਾਂ, ਜਦਕਿ ਲਵਦੀਪ ਦੇ ਬੈਗ ਵਿਚ 32 ਬੋਰ ਦੀਆਂ 5 ਪਿਸਤੌਲਾਂ ਮਿਲੀਆਂ ਸਨ। ਪੁੱਛਗਿੱਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ 5 ਪਿਸਤੌਲਾਂ ਦਿੱਲੀ ਵਿਚ ਅਪਰਾਧੀਆਂ ਨੂੰ ਵੇਚਣੀਆਂ ਸਨ, ਜਦਕਿ 7 ਪਿਸਤੌਲਾਂ ਪੰਜਾਬ ਦੇ ਅੰਮ੍ਰਿਤਸਰ ਦੇ ਭੇਜਾ ਗੈਂਗ ਦੇ ਮੈਂਬਰਾਂ ਨੂੰ ਦੇਣੀਆਂ ਸਨ।
ਵਿਸ਼ੇਸ਼ ਪੁਲਸ ਕਮਿਸ਼ਨਰ (ਵਿਸ਼ੇਸ਼ ਸੈੱਲ) ਐੱਚ. ਜੀ. ਐੱਸ. ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ 30,000 ਰੁਪਏ ਵਿਚ ਪ੍ਰਤੀ ਪਿਸਤੌਲ ਖਰੀਦੀ ਸੀ, ਜਿਸਨੂੰ ਅਪਰਾਧੀਆਂ ਨੂੰ 50,000 ਰੁਪਏ ਵੇਚਿਆ ਜਾਣਾ ਸੀ। ਪੁਲਸ ਨੇ ਸ਼ਮਸ਼ੇਰ ਨੂੰ 2019 ਵਿਚ ਬਾਈਕ ਚੋਰੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਉਸਨੂੰ ਅੰਮ੍ਰਿਤਸਰ ਜੇਲ ਵਿਚ ਬੰਦ ਕੀਤਾ ਗਿਆ ਸੀ। ਜੇਲ ਵਿਚ ਉਸਦੀ ਦੋਸਤੀ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੇ ਤਾਰਾ ਸਿੰਘ ਨਾਲ ਹੋ ਗਈ ਸੀ, ਜੋ ਆਰਮਜ਼ ਐਕਟ ਦੇ ਇਕ ਮਾਮਲੇ ਵਿਚ ਅੰਮ੍ਰਿਤਸਰ ਜੇਲ ਵਿਚ ਬੰਦ ਸੀ।