ਦੱਖਣੀ ਕਸ਼ਮੀਰ ਦਾ ਉੱਭਰਦਾ ਫੁੱਟਬਾਲਰ ਮਾਜਿਦ ਬਣਿਆ ਲਸ਼ਕਰ ਦਾ ਅੱਤਵਾਦੀ

11/13/2017 3:53:00 AM

ਸ਼੍ਰੀਨਗਰ (ਮਜੀਦ)—ਦੱਖਣੀ ਕਸ਼ਮੀਰ 'ਚ ਉੱਭਰ ਰਿਹਾ ਫੁੱਟਬਾਲ ਦਾ ਨਵਾਂ ਸਿਤਾਰਾ ਮਾਜਿਦ ਇਸ਼ਰਾਦ ਖਾਨ ਖੇਡ ਦੇ ਮੈਦਾਨ 'ਚ ਆਉਣ ਤੋਂ ਪਹਿਲਾਂ ਗੁਮਰਾਹ ਹੋ ਕੇ ਅੱਤਵਾਦੀ ਬਣ ਗਿਆ ਹੈ। ਉਹ ਲਗਭਗ ਇਕ ਹਫਤਾ ਪਹਿਲਾਂ ਹੀ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੈ ਅਤੇ ਉਸ ਦਾ ਕੋਡ ਨਾਂ ਅਬੂ ਇਸਮਾਈਲ ਹੈ। ਉਧਰ ਪੁਲਸ ਅਤੇ ਨੀਮ -ਫੌਜੀ ਬਲਾਂ ਨੇ ਉਸ ਨੂੰ ਫੜਨ ਲਈ ਅਨੰਤਨਾਗ ਦੇ ਵੱਖ-ਵੱਖ ਹਿੱਸਿਆਂ 'ਚ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ।
ਬੀਤੀ 4 ਅਗਸਤ ਵਾਲੇ ਦਿਨ ਜਦੋਂ 22 ਸਾਲਾ ਅੱਤਵਾਦੀ ਯਾਵਰ ਨਿਸਾਰ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਉਸ ਦੇ ਘਰ ਲਿਆਂਦੀ ਗਈ ਤਾਂ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਸ 'ਚ ਉਸ ਦਾ ਬਚਪਨ ਦਾ ਦੋਸਤ ਅਤੇ ਬੈਚਮੇਟ ਮਾਜਿਦ ਖਾਨ ਵੀ ਦਿਸਿਆ, ਜੋ ਯਾਵਰ ਦੀ ਲਾਸ਼ ਕੋਲ ਬੈਠ ਕੇ ਰੋ ਰਿਹਾ ਸੀ। ਯਾਵਰ ਬੀਤੀ 18 ਜੁਲਾਈ ਨੂੰ ਅੱਤਵਾਦੀ ਰੈਂਕਾਂ 'ਚ ਸ਼ਾਮਲ ਹੋਇਆ ਸੀ। ਉਹ ਅਨੰਤਨਾਗ ਸ਼ਹਿਰ 'ਚ ਪਿਛਲੇ ਦਹਾਕੇ ਮਗਰੋਂ ਅੱਤਵਾਦੀਆਂ 'ਚ ਸ਼ਾਮਲ ਹੋਣ ਵਾਲਾ ਪਹਿਲਾ ਨੌਜਵਾਨ ਸੀ। ਹਾਲਾਂਕਿ ਉਸ ਨੇ ਇਕ ਐੈੱਨ. ਜੀ. ਓ. ਲਈ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਦਾ ਸਬੂਤ ਉਸ ਦੀ ਫੇਸਬੁੱਕ ਪੋਸਟ ਤੋਂ ਵੀ ਮਿਲਦਾ ਹੈ। ਉਸ ਨੇ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਦੋਹਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। 
ਸੂਤਰਾਂ ਨੇ ਦੱਸਿਆ ਕਿ ਮਾਜਿਦ ਦਾ ਉਸੇ ਦਿਨ ਅੱਤਵਾਦੀ ਬਣਨਾ ਤੈਅ ਹੋ ਗਿਆ, ਜਿਸ ਦਿਨ ਯਾਵਰ ਮੁਕਾਬਲੇ 'ਚ ਮਾਰਿਆ ਗਿਆ। ਮਾਜਿਦ ਇਸ਼ਰਾਦ ਖਾਨ ਡਿਗਰੀ ਕਾਲਜ ਦੀ ਟੀਮ ਦਾ ਮੁੱਖ ਚਿਹਰਾ ਸੀ। 2 ਦਿਨ ਪਹਿਲਾਂ ਏ. ਕੇ. 47 ਰਾਈਫਲ ਨਾਲ ਉਸ ਦੀਆਂ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਵਾਇਰਲ ਹੋਈਆਂ।
ਇਸੇ ਦਰਮਿਆਨ ਖਬਰਾਂ ਸਾਹਮਣੇ ਆਈਆਂ ਕਿ ਮਾਜਿਦ (22) ਨਿਵਾਸੀ ਸਾਦਿਕਾਬਾਦ (ਅਨੰਤਨਾਗ) ਲਸ਼ਕਰ-ਏ-ਤੋਇਬਾ 'ਚ ਸ਼ਾਮਲ ਹੋ ਗਿਆ ਹੈ। ਬੀਤੇ 6 ਮਹੀਨਿਆਂ ਦੌਰਾਨ ਅਨੰਤਨਾਗ ਜ਼ਿਲਾ ਹੈੱਡਕੁਆਰਟਰ ਤੋਂ ਅੱਤਵਾਦੀ ਬਣਨ ਵਾਲਾ ਉਹ ਦੂਸਰਾ ਨੌਜਵਾਨ ਹੈ। ਇਸ ਤੋਂ ਪਹਿਲਾਂ ਜੁਲਾਈ 'ਚ ਯਾਵਰ ਨਾਂ ਦਾ ਨੌਜਵਾਨ ਅੱਤਵਾਦੀ ਬਣਿਆ ਸੀ, ਜੋ 3 ਅਗਸਤ 2017 ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰਿਆ ਗਿਆ ਸੀ। 
ਸਰਕਾਰੀ ਏਜੰਸੀਆਂ ਦਾ ਮੰਨਣਾ ਹੈ ਕਿ ਅੱਤਵਾਦੀ ਸੰਗਠਨ ਅਨੰਤਨਾਗ ਸ਼ਹਿਰ 'ਚ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।


Related News