ਜੰਮੂ-ਕਸ਼ਮੀਰ: ਨਸ਼ੀਲੇ ਪਦਾਰਥਾਂ ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

06/15/2024 1:01:35 PM

ਸ਼੍ਰੀਨਗਰ- ਸੁਰੱਖਿਆ ਦਸਤਿਆਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ।  ਗ੍ਰਿਫ਼ਤਾਰ ਕੀਤੇ ਗਏ ਲੋਕਾਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਨਸ਼ਾ ਬਰਾਮਦ ਕੀਤਾ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਹੈਰੋਇਨ ਵੇਚਣ ਲਈ ਖਰੀਦਦਾਰ ਦੀ ਤਲਾਸ਼ ਕਰ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਅਤੇ ਫੌਜ ਨੇ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਕਰਨਾਹ ਇਲਾਕੇ 'ਚ ਮੁਹਿੰਮ ਚਲਾਈ।

ਬੁਲਾਰੇ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 500 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ਫੀਕ ਅਹਿਮਦ ਸ਼ੇਖ ਵਾਸੀ ਖਵਾਰਪਰਬ ਕਰਨਾਹ ਅਤੇ ਤਾਰਿਕ ਅਹਿਮਦ ਮਲਿਕ ਵਾਸੀ ਬਾਘਬੱਲਾ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਗਿਰੋਹ ਵਿਚ ਇਕ ਹੋਰ ਵਿਅਕਤੀ ਵੀ ਸੀ, ਜਿਸ ਦੀ ਪਛਾਣ ਪਰਵੇਜ਼ ਅਹਿਮਦ ਪਠਾਨ ਵਾਸੀ ਸਾਧਪੁਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਠਾਨ ਨੂੰ ਪੁਲਸ ਅਤੇ ਫ਼ੌਜ ਵੱਲੋਂ ਸਾਂਝੀ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਤਿੰਨ ਪਿਸਤੌਲ, 76 ਕਾਰਤੂਸ, 6 ਮੈਗਜ਼ੀਨ ਅਤੇ ਕਰੀਬ 5 ਕਿਲੋਗ੍ਰਾਮ ਸ਼ੱਕੀ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
 


Tanu

Content Editor

Related News