ਬੱਚੀ ਨੂੰ ਦੇਹ ਵਪਾਰ 'ਚ ਧੱਕਣ 'ਤੇ ਸੋਨੂੰ ਪੰਜਾਬਣ ਨੂੰ 24 ਸਾਲ ਕੈਦ
Wednesday, Jul 22, 2020 - 08:46 PM (IST)
ਨਵੀਂ ਦਿੱਲੀ (ਅਨਸ) : 12 ਸਾਲਾ ਇੱਕ ਬੱਚੀ ਨੂੰ ਅਗਵਾ ਕਰ ਉਸ ਨੂੰ ਦੇਹ ਵਪਾਰ ਧੰਧੇ 'ਚ ਧੱਕਣ ਦੀ ਦੋਸ਼ੀ ਸੋਨੂੰ ਪੰਜਾਬਣ ਨੂੰ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਉਸ ਦੇ ਸਾਥੀ ਦੋਸ਼ੀ ਸੰਦੀਪ ਬੇਦਵਾਲ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਿੱਲੀ ਦੇ ਦੁਆਰਕਾ ਕੋਰਟ ਨੇ ਹਿਊਮਨ ਟਰੈਫਿਕਿੰਗ, ਕਿਡਨੈਪਿੰਗ ਅਤੇ ਰੇਪ ਕੇਸ 'ਚ ਸੋਨੂੰ ਪੰਜਾਬਣ ਅਤੇ ਸੰਦੀਪ ਬੇਦਵਾਲ ਨੂੰ ਸਖ਼ਤ ਸਜ਼ਾ ਦਿੱਤੀ ਹੈ। ਇਸ ਮਾਮਲੇ 'ਚ ਦਿੱਲੀ ਪੁਲਸ ਨੇ ਕੋਰਟ ਤੋਂ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ ਸੀ। ਕੋਰਟ ਨੇ ਦੋਵਾਂ ਨੂੰ ਨਬਾਲਿਗ ਲੜਕੀ ਨੂੰ ਅਗਵਾ ਕਰਨ, ਦੇਹ ਵਪਾਰ ਅਤੇ ਮਨੁੱਖੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ।
ਮਾਮਲਾ ਦਿੱਲੀ ਦੇ ਹਰੀਸ਼ ਵਿਹਾਰ ਥਾਣੇ ਦਾ ਹੈ। ਐੱਫ.ਆਈ.ਆਰ. ਮੁਤਾਬਕ 11 ਸਤੰਬਰ 2009 ਨੂੰ ਪੀੜਤ ਲੜਕੀ ਨੂੰ ਅਗਵਾ ਕੀਤਾ ਗਿਆ ਸੀ। ਲੜਕੀ ਦੇ ਪਿਤਾ ਵੱਲੋਂ ਦੁਆਰਕਾ ਕੋਰਟ 'ਚ ਪੇਸ਼ ਜਨਮ ਸਰਟੀਫਿਕੇਟ ਮੁਤਾਬਕ ਪੀੜਤਾ ਦੀ ਜਨਮ ਤਾਰੀਖ਼ 9 ਨਵੰਬਰ 1996 ਸੀ ਯਾਨੀ ਘਟਨਾ ਦੇ ਵਕਤ ਉਸ ਦੀ ਉਮਰ ਸਿਰਫ਼ 12 ਸਾਲ 10 ਮਹੀਨੇ ਅਤੇ 2 ਦਿਨ ਸੀ।