ਸੋਨੀਆ ਨੇ ਟੀਕਾਕਰਨ ਦੀ ਗਤੀ ਨੂੰ ਲੈ ਕੇ ਜਤਾਈ ਚਿੰਤਾ, ਬੱਚਿਆਂ ਦੀ ਸੁਰੱਖਿਆ ''ਤੇ ਦਿੱਤਾ ਜ਼ੋਰ
Thursday, Jun 24, 2021 - 12:40 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ 'ਚ ਕੋਰੋਨਾ ਰੋਕੂ ਟੀਕਾਕਰਨ ਦੀ ਗਤੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਸੋਨੀਆ ਨੇ ਵੀਰਵਾਰ ਨੂੰ ਕਿਹਾ ਕਿ ਮਹਾਮਾਰੀ ਦੀ ਤੀਜੀ ਲਹਿਰ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਤੁਰੰਤ ਤਿਆਰੀ ਕਰਨ ਅਤੇ ਵਿਸ਼ੇਸ਼ ਕਰ ਕੇ ਬੱਚਿਆਂ ਦੀ ਸੁਰੱਖਿਆ ਲਈ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪਾਰਟੀ ਜਨਰਲ ਸਕੱਤਰਾਂ ਅਤੇ ਪ੍ਰਦੇਸ਼ ਇੰਚਾਰਜਾਂ ਦੀ ਡਿਜੀਟਲ ਬੈਠਕ 'ਚ ਇਹ ਟਿੱਪਣੀ ਕੀਤੀ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਦੱਸਿਆ,''ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਦੀ ਬੈਠਕ ਨੂੰ ਸੰਬੋਧਨ ਕੀਤਾ। ਟੀਕਾਕਰਨ ਦੀ ਗਤੀ ਨੂੰ ਲੈ ਕੇ ਉਨ੍ਹਾਂ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ। ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਤਿਆਰੀ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ 'ਤੇ ਉਨ੍ਹਾਂ ਨੇ ਜ਼ਿਆਦਾ ਜ਼ੋਰ ਦਿੱਤਾ।''
ਸੋਨੀਆ ਦੀ ਅਗਵਾਈ 'ਚ ਚੱਲ ਰਹੀ ਇਸ ਬੈਠਕ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਵਰਗੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਜਾਵੇਗੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਇਸ ਡਿਜੀਟਲ ਬੈਠਕ 'ਚ ਕਾਂਗਰਸ ਨੇਤਾ ਪਾਰਟੀ ਦੇ ਪ੍ਰਸਤਾਵਿਤ ਸੰਪਰਕ ਮੁਹਿੰਮ 'ਤੇ ਵੀ ਚਰਚਾ ਕਰਨਗੇ। ਇਸ ਬੈਠਕ 'ਚ ਪੈਟਰੋਲ-ਡੀਜ਼ਲ ਅਤੇ ਜ਼ਰੂਰੀ ਖਾਧ ਵਸਤੂਆਂ ਦੀ ਕੀਮਤਾਂ 'ਚ ਵਾਧੇ ਦੇ ਸੰਦਰਭ 'ਚ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ। ਬੈਠਕ 'ਚ ਕੋਰੋਨਾ ਦੇ ਮੌਜੂਦਾ ਹਾਲਾਤ ਅਤੇ ਆਰਥਿਕ ਸਥਿਤੀ 'ਤੇ ਵੀ ਚਰਚਾ ਹੋਵੇਗੀ। ਇਸ ਬੈਠਕ ਤੋਂ ਬਾਅਦ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਵੀ ਬੈਠਕ ਬੁਲਾਈ ਜਾਵੇਗੀ। ਸੋਨੀਆ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਇਹ ਬੈਠਕ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਬੁਲਾਈ ਹੈ। ਮਾਨਸੂਨ ਸੈਸ਼ਨ ਜੁਲਾਈ 'ਚ ਹੋ ਸਕਦਾ ਹੈ। ਕਾਂਗਰਸ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਮੁੱਦੇ ਨੂੰ ਲੈ ਕੇ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀ ਹੈ।