ਨਹੀਂ ਰਹੇ ਸੋਨਮ ਵਾਂਗਚੁਕ ! ਹਾਰਟ ਅਟੈਕ ਨੇ ਲਈ ਜਾਨ, ਦੇਸ਼ ਦੇ ਹੀਰੋ ਵਜੋਂ ਬਣਾਈ ਸੀ ਪਛਾਣ
Saturday, Apr 11, 2026 - 02:28 PM (IST)
ਲੇਹ/ਨਵੀਂ ਦਿੱਲੀ- 1999 ਦੀ ਕਾਰਗਿਲ ਜੰਗ ਦੇ ਅਸਲ ਨਾਇਕ ਅਤੇ ‘ਲੱਦਾਖ ਦੇ ਸ਼ੇਰ’ (Lion of Ladakh) ਵਜੋਂ ਮਸ਼ਹੂਰ ਕਰਨਲ ਸੋਨਮ ਵਾਂਗਚੁਕ (ਸੇਵਾਮੁਕਤ) ਦਾ ਸ਼ੁੱਕਰਵਾਰ ਸਵੇਰੇ ਲੇਹ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 'ਐਕਸ' 'ਤੇ ਇਕ ਪੋਸਟ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਰਨਲ ਵਾਂਗਚੁਕ ਭਾਰਤੀ ਸੈਨਾ ਦੇ ਅਧਿਕਾਰੀ ਸਨ, ਜੋ ਆਪਣੇ ਸਾਹਸ, ਦ੍ਰਿੜ ਅਗਵਾਈ ਅਤੇ ਡਿਊਟੀ ਪ੍ਰਤੀ ਅਟੁੱਟ ਸਮਰਪਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਲੱਦਾਖ ਦੇ ਇਸ ਪੁੱਤਰ ਨੇ ਰਾਸ਼ਟਰ ਦੀ ਸੇਵਾ 'ਚ ਸਹਿਣਸ਼ੀਲਤਾ ਅਤੇ ਅਟੁੱਟ ਭਾਵਨਾ ਦੀ ਉਦਾਹਰਨ ਪੇਸ਼ ਕੀਤੀ ਅਤੇ ਉਹ ਭਾਰਤ ਦੀ ਅਨੇਕਤਾ 'ਚ ਏਕਤਾ ਦੇ ਪ੍ਰਤੀਕ ਵਜੋਂ ਖੜ੍ਹੇ ਰਹੇ।
ਕਰਨਲ ਵਾਂਗਚੁਕ ਨੇ ‘ਓਪਰੇਸ਼ਨ ਵਿਜੇ’ ਦੌਰਾਨ ਮੇਜਰ ਵਜੋਂ ਲੱਦਾਖ ਸਕਾਊਟਸ ਦੀ ਚੌਥੀ ਬਟਾਲੀਅਨ ਦੀ ਅਗਵਾਈ ਕੀਤੀ ਸੀ। ਬੇਹੱਦ ਚੁਣੌਤੀਪੂਰਨ ਅਤੇ ਉੱਚਾਈ ਵਾਲੀਆਂ ਸਥਿਤੀਆਂ 'ਚ ਉਨ੍ਹਾਂ ਨੇ ਚੋਰਬਾਟ ਲਾ ਦਰੇ 'ਤੇ ਕਬਜ਼ਾ ਕਰਕੇ ਦੁਸ਼ਮਣ ਦੇ 136 ਸੈਨਿਕਾਂ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਦੀ ਇਸ ਬੇਮਿਸਾਲ ਬਹਾਦਰੀ ਲਈ ਉਨ੍ਹਾਂ ਨੂੰ ਭਾਰਤ ਦੇ ਦੂਜੇ ਸਭ ਤੋਂ ਵੱਡੇ ਜੰਗੀ ਬਹਾਦਰੀ ਪੁਰਸਕਾਰ ‘ਮਹਾਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਫੌਜ ਵੱਲੋਂ ਸ਼ਰਧਾਂਜਲੀ
ਭਾਰਤੀ ਸੈਨਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਕਿਹਾ ਕਿ ਸਮੁੱਚੀ ਸੈਨਾ ਇਸ ਦੁੱਖ ਦੀ ਘੜੀ 'ਚ ਸੋਗ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ। ਜਨਰਲ ਉਪੇਂਦਰ ਦਿਵੇਦੀ ਅਤੇ ਸੈਨਾ ਦੇ ਸਾਰੇ ਰੈਂਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਕਰਨਲ ਵਾਂਗਚੁਕ ਦਾ ਜੀਵਨ ਸਾਹਸ, ਸੇਵਾ ਅਤੇ ਰਾਸ਼ਟਰੀ ਏਕਤਾ ਦਾ ਪ੍ਰਮਾਣ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
