ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਹੁਣ ਨਹੀਂ ਹੋਵੇਗੀ ਕੋਈ ਪਰੇਸ਼ਾਨੀ ! ''ਅਮਰ-ਬੰਧੂ'' ਟੀਮਾਂ ਸਾਂਭਣਗੀਆਂ ਮੋਰਚਾ
Thursday, Jul 09, 2026 - 03:53 PM (IST)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ 'ਚ ਚੱਲ ਰਹੀ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ 'ਤੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਸਹਾਇਤਾ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਯਾਤਰਾ ਦੇ ਪੂਰੇ ਰੂਟ 'ਤੇ ਇੱਕ ਖ਼ਾਸ ਸਹਾਇਤਾ ਦਲ 'ਅਮਰ-ਬੰਧੂ' ਤਾਇਨਾਤ ਕੀਤਾ ਗਿਆ ਹੈ, ਜੋ ਯਾਤਰੀਆਂ ਨੂੰ ਕਿਸੇ ਵੀ ਮੁਸ਼ਕਲ ਸਮੇਂ ਤੁਰੰਤ ਮਦਦ ਮੁਹੱਈਆ ਕਰਵਾਏਗਾ।
ਇਹ ਵਿਸ਼ੇਸ਼ ਟੀਮ ਯਾਤਰਾ ਮਾਰਗ 'ਤੇ ਲਗਾਤਾਰ ਮੌਜੂਦ ਰਹੇਗੀ ਤੇ ਖ਼ਾਸ ਕਰ ਕੇ ਬਜ਼ੁਰਗਾਂ, ਦਿਵਿਆਂਗਾਂ, ਔਰਤਾਂ ਅਤੇ ਬੱਚਿਆਂ ਨੂੰ ਯਾਤਰਾ ਦੌਰਾਨ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ। ਜੇਕਰ ਕਿਸੇ ਬਜ਼ੁਰਗ ਯਾਤਰੀ ਨੂੰ ਤੁਰਨ-ਫਿਰਨ 'ਚ ਪਰੇਸ਼ਾਨੀ ਆਉਂਦੀ ਹੈ ਜਾਂ ਕਿਸੇ ਬੱਚੇ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਣਾ ਹੋਵੇ, ਤਾਂ ਇਹ ਟੀਮ ਤੁਰੰਤ ਐਕਸ਼ਨ 'ਚ ਆਵੇਗੀ ਤੇ ਲੋੜ ਪੈਣ 'ਤੇ ਵੀਲ੍ਹਚੇਅਰ ਵੀ ਮੁਹੱਈਆ ਕਰਵਾਏਗੀ।
'ਅਮਰ-ਬੰਧੂ' ਟੀਮ ਦੇ ਮੈਂਬਰਾਂ ਦੀ ਪਛਾਣ ਕਰਨਾ ਬਹੁਤ ਆਸਾਨ ਹੈ। ਇਹ ਮੈਂਬਰ ਪੁਲਸ ਦੀ ਵਰਦੀ ਦੇ ਉੱਪਰ ਨੀਲੇ ਰੰਗ ਦੀ ਵਿਸ਼ੇਸ਼ ਜੈਕਟ ਪਹਿਨੇ ਨਜ਼ਰ ਆਉਣਗੇ। ਇਹ ਟੀਮ ਪੂਰੇ ਯਾਤਰਾ ਰੂਟ 'ਤੇ ਵੱਖ-ਵੱਖ ਸੰਵੇਦਨਸ਼ੀਲ ਅਤੇ ਅਹਿਮ ਚੈੱਕਪੁਆਇੰਟਸ 'ਤੇ ਤਾਇਨਾਤ ਰਹੇਗੀ ਅਤੇ ਸ਼ਰਧਾਲੂਆਂ ਦੀ ਸੇਵਾ ਲਈ ਦਿਨ-ਰਾਤ 24 ਘੰਟੇ ਮੁਸਤੈਦ ਰਹੇਗੀ।
ਪ੍ਰਸ਼ਾਸਨ ਮੁਤਾਬਕ ਇਸ ਕਦਮ ਦਾ ਮੁੱਖ ਉਦੇਸ਼ ਅਮਰਨਾਥ ਯਾਤਰਾ ਨੂੰ ਵਧੇਰੇ ਸੁਰੱਖਿਅਤ, ਆਸਾਨ ਅਤੇ ਸੁਵਿਧਾਜਨਕ ਬਣਾਉਣਾ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ।
