ਲਾਕ ਡਾਊਨ ''ਚ ਫੱਸ ਗਿਆ ਪੁੱਤਰ ਤਾਂ ਹਿੰਦੂ ਦਰਜੀ ਦਾ ਮੁਸਲਿਮ ਨੌਜਵਾਨਾਂ ਨੇ ਕੀਤਾ ਅੰਤਿਮ ਸੰਸਕਾਰ
Friday, May 15, 2020 - 12:07 AM (IST)
ਬੈਂਗਲੁਰੂ (ਏਜੰਸੀ)- ਕੋਰੋਨਾ ਵਾਇਰਸ ਲੋਕਾਂ ਵਿਚ ਸੋਸ਼ਲ ਡਿਸਟੈਂਸਿੰਗ ਦੇ ਨਾਲ ਹੀ ਇਮੋਸ਼ਨਲ ਡਿਸਟੈਂਸਿੰਗ ਵੀ ਵਧਾ ਰਿਹਾ ਹੈ ਪਰ ਅਜਿਹੇ ਕਈ ਲੋਕ ਹਨ, ਜੋ ਇਸ ਮਹਾਂਮਾਰੀ ਵਿਚ ਵੀ ਮਦਦ ਲਈ ਅੱਗੇ ਆ ਰਹੇ ਹਨ।
ਕਰਨਾਟਕ ਦੇ ਤੁਮਕੁਰੂ ਵਿਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇਥੇ 60 ਸਾਲ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ ਪਰ ਲਾਕ ਡਾਊਨ 'ਚ ਪੁੱਤਰ ਅੰਤਿਮ ਸੰਸਕਾਰ ਲਈ ਨਹੀਂ ਆ ਸਕਿਆ। ਅਜਿਹੇ ਵਿਚ ਬਜ਼ੁਰਗ ਦੇ ਮੁਸਲਿਮ ਗੁਆਂਢੀਆਂ ਨੇ ਮਿਲ ਕੇ ਪੂਰੇ ਹਿੰਦੂ ਰੀਤੀ-ਰਿਵਾਜ਼ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਕੋਰੋਨਾ ਇਨਫੈਕਸ਼ਨ ਦਾ ਇਕ ਕੇਸ ਮਿਲਣ ਤੋਂ ਬਾਅਦ ਕੇ.ਐੱਚ.ਬੀ. ਕਾਲੋਨੀ ਸੀਲ ਕਰ ਦਿੱਤੀ ਗਈ। ਇਥੇ ਰਹਿਣ ਵਾਲੇ ਪੇਸ਼ੇ ਤੋਂ ਦਰਜੀ ਨਾਰਾਇਣ ਰਾਵ (60) ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ।
ਉਨ੍ਹਾਂ ਨੂੰ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ। ਬੰਦੀ ਕਾਰਨ ਪਰਿਵਾਰ ਵਾਲੇ ਨਹੀਂ ਪਹੁੰਚ ਸਕੇ। ਅਜਿਹੇ ਵਿਚ 10 ਮੁਸਲਮਾਨ ਲੜਕੇ ਅੱਗੇ ਆਏ। ਮੁਹੰਮਦ ਖਾਲਿਦ ਦੱਸਦੇ ਹਨ ਕਿ ਮੇਰੇ ਦੋਸਤ ਪੁਨੀਤ ਰਾਵ ਦੇ ਪਿਤਾ ਨਾਰਾਇਣ ਰਾਵ ਦੀ ਮੌਤ ਹੋ ਗਈ ਹੈ। ਇਸ ਦੀ ਸੂਚਨਾ ਮਿਲਦੇ ਹੀ ਮੈਂ ਬਾਕੀ ਦੋਸਤਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚਿਆ। ਘਰ ਵਿਚ ਮ੍ਰਿਤਕ ਦੇ ਛੋਟੇ ਭਰਾ, ਦੋ ਔਰਤਾਂ ਅਤੇ ਭਤੀਜੇ ਹੀ ਸਨ। ਖਾਲਿਦ ਦੱਸਦੇ ਹਨ ਕਿ ਮੇਰੇ ਦੋਸਤ ਇਮਰਾਨ ਨੇ ਪਰਿਵਾਰ ਨੂੰ ਆਰਥਿਕ ਮਦਦ ਦੇ ਤੌਰ 'ਤੇ 5000 ਰੁਪਏ ਦਿੱਤੇ। ਮ੍ਰਿਤਕ ਦੇ ਪਰਿਵਾਰ ਵਾਲੇ ਕੋਰੋਨਾ ਵਾਇਰਸ ਦੇ ਡਰ ਕਾਰਨ ਸ਼ਮਸ਼ਾਨਘਾਟ ਜਾਣ ਨੂੰ ਤਿਆਰ ਨਹੀਂ ਹੋਏ। ਅਸੀਂ ਲਾਸ਼ ਨੂੰ ਐਂਬੂਲੈਂਸ ਵਿਚ ਲੈ ਕੇ ਸ਼ਮਸ਼ਾਨਘਾਟ ਪਹੁੰਚੇ। ਉਥੇ ਪੂਰੇ ਹਿੰਦੂ ਰੀਤੀ-ਰਿਵਾਜ਼ ਨਾਲ ਅੰਤਿਮ ਸੰਸਕਾਰ ਕੀਤਾ। ਨਾਰਾਇਣ ਰਾਵ ਦੇ ਪੁੱਤਰ ਪੁਨੀਤ ਦੱਸਦੇ ਹਨ ਕਿ ਇਸ ਮੁਸ਼ਕਲ ਘੜੀ ਵਿਚ ਮੇਰੇ ਮੁਸਲਿਮ ਭਰਾਵਾਂ ਨੇ ਜਿਸ ਦੀ ਮਦਦ ਕੀਤੀ, ਉਸ ਦੇ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਧੰਨਵਾਦੀ ਰਹਾਂਗਾ।