ਮਾਂ ਨੂੰ ਕਮਰੇ ’ਚ ਬੰਦ ਕਰਕੇ ਗਾਇਬ ਹੋਇਆ ਬੇਟਾ, ਭੁੱਖ ਨਾਲ ਤੜਫ ਕੇ ਹੋਈ ਮੌਤ
Wednesday, Dec 12, 2018 - 07:01 PM (IST)

ਸ਼ਾਹਜਹਾਂਪੁਰ– ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਕਲਯੁਗੀ ਬੇਟਾ ਆਪਣੀ ਬਜ਼ੁਰਗ ਅਤੇ ਬੀਮਾਰ ਮਾਂ ਨੂੰ ਸਰਕਾਰੀ ਕੁਆਰਟਰ ਦੇ ਕਮਰੇ ’ਚ ਬੰਦ ਕਰਕੇ ਚਲਾ ਗਿਆ। ਭੁੱਖ ਅਤੇ ਬੀਮਾਰੀ ਕਾਰਨ ਔਰਤ ਦੀ ਬੰਦ ਕਮਰੇ ’ਚ ਮੌਤ ਹੋ ਗਈ। ਪੁਲਸ ਨੇ ਤਾਲਾ ਤੋੜ ਕੇ ਬਜ਼ੁਰਗ ਔਰਤ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਰੇਲਵੇ ਮੁਲਾਜ਼ਮ ਬੇਟੇ ਦੀ ਇਸ ਕਰਤੂਤ ਨਾਲ ਇਥੇ ਹਰ ਕੋਈ ਹੈਰਾਨ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਦੀ ਗੱਲ ਕਹਿ ਰਹੀ ਹੈ। ਥਾਣਾ ਸਦਰ ਬਾਜ਼ਾਰ ਦੇ ਰੇਲਵੇ ਕਾਲੋਨੀ ’ਚ ਇਕ ਕਲਯੁਗੀ ਪੁੱਤਰ ਆਪਣੀ ਬੀਮਾਰ ਮਾਂ ਲੀਲਾਵਤੀ ਨੂੰ ਆਪਣੇ ਸਰਕਾਰੀ ਕੁਆਰਟਰ ’ਚ ਬਾਹਰ ਤੋਂ ਬੰਦ ਕਰਕੇ ਚਲਾ ਗਿਆ। ਕੁਆਰਟਰ ਤੋਂ ਬਦਬੂ ਆਉਣ ’ਤੇ ਲੋਕਾਂ ਨੇ ਪੁਲਸ ਨੂੰ ਸੁੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਤਾਲਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਉਸ ਦੇ ਹੋਸ਼ ਉੱਡ ਗਏ। ਬਜ਼ੁਰਗ ਔਰਤ ਦੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਸਲਿਲ ਚੌਧਰੀ ਰੇਲਵੇ ’ਚ ਟੀ. ਟੀ. ਈ. ਹੈ। ਗੁਅਾਂਢੀਅਾਂ ਦੀ ਮੰਨੀਏ ਤਾਂ ਸਲਿਲ ਅਕਸਰ ਆਪਣੀ ਮਾਂ ਨੂੰ ਸਰਕਾਰੀ ਕੁਆਰਟਰ ’ਚ ਬੰਦ ਕਰਕੇ ਦੋ-ਦੋ ਦਿਨ ਚਲਾ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਵੀ ਉਹ ਮਾਂ ਨੂੰ ਬੰਦ ਕਰਕੇ ਕਿਤੇ ਚਲਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਠੰਡ ਕਾਰਨ ਹੋਈ ਹੈ।