ਕਲਯੁੱਗੀ ਪੁੱਤ ਦਾ ਬੇਰਹਿਮ ਕਾਰਾ, ਤੇਜ਼ਧਾਰ ਹਥਿਆਰ ਨਾਲ ਪਿਤਾ ਦਾ ਕੀਤਾ ਕਤਲ
Thursday, Jun 08, 2023 - 01:46 PM (IST)
![ਕਲਯੁੱਗੀ ਪੁੱਤ ਦਾ ਬੇਰਹਿਮ ਕਾਰਾ, ਤੇਜ਼ਧਾਰ ਹਥਿਆਰ ਨਾਲ ਪਿਤਾ ਦਾ ਕੀਤਾ ਕਤਲ](https://static.jagbani.com/multimedia/2023_6image_13_06_183021447killed.jpg)
ਰੋਹਤਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁੱਗੀ ਪੁੱਤ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਦਰਅਸਲ ਬੇਰੁਜ਼ਗਾਰ ਪੁੱਤਰ ਨੂੰ ਪਿਤਾ ਨੇ ਕੰਮ ਕਰਨ ਲਈ ਕਿਹਾ ਤਾਂ ਗੁੱਸੇ 'ਚ ਆਏ ਪੁੱਤ ਨੇ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਾਮਲਾ ਰੋਹਤਕ ਜ਼ਿਲ੍ਹੇ ਦੇ ਬਨਿਆਨੀ ਪਿੰਡ ਦਾ ਹੈ, ਜਿੱਥੇ 60 ਸਾਲਾ ਜਗਤ ਸਿੰਘ ਦੀ ਲਾਸ਼ ਅੱਜ ਸਵੇਰੇ ਖੇਤਾਂ ਵਿਚ ਪਈ ਮਿਲੀ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਬਨਿਆਨੀ ਪਿੰਡ 'ਚ ਜਗਤ ਸਿੰਘ ਦੀ ਲਾਸ਼ ਖੇਤਾਂ 'ਚ ਪਈ ਮਿਲੀ। ਜਦੋਂ ਉਸ ਦਾ ਭਤੀਜਾ ਖੇਤ ਗਿਆ ਤਾਂ ਉਸ ਨੇ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ ਅਤੇ ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦੇ ਕੇ ਮੌਕੇ 'ਤੇ ਬੁਲਾਇਆ ਗਿਆ। ਮ੍ਰਿਤਕ ਜਗਤ ਸਿੰਘ ਦੇ ਛੋਟੇ ਪੁੱਤਰ ਦੇ ਬਿਆਨ ਦਰਜ ਕੀਤੇ ਗਏ ਤਾਂ ਪੁਲਸ ਨੂੰ ਪਤਾ ਲੱਗਾ ਕਿ ਉਸ ਦੇ ਵੱਡੇ ਭਰਾ ਨੇ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਕਤਲ ਦੀ ਵਜ੍ਹਾ ਪਿਤਾ ਵਲੋਂ ਵਾਰ-ਵਾਰ ਪੁੱਤਰ ਨੂੰ ਕੰਮ ਕਰਨ ਲਈ ਕਹਿਣਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਰੋਹਤਕ ਪੀ. ਜੀ. ਆਈ. ਭੇਜ ਦਿੱਤਾ ਹੈ। ਕਤਲ ਦੇ ਦੋਸ਼ੀ ਪੁੱਤਰ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।