ਕੋਰੋਨਾ ਨਾਲ ਮਰਨ ਵਾਲੇ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ, ਪਰਿਵਾਰ ਨੂੰ ਮਿਲਣਗੇ 15 ਲੱਖ
Tuesday, Jul 21, 2020 - 07:58 PM (IST)

ਨਵੀਂ ਦਿੱਲੀ : ਕੋਰੋਨਾ ਕਾਰਨ ਮਰਨ ਵਾਲੇ ਜਵਾਨਾਂ ਨੂੰ ਹੁਣ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ‘ਭਾਰਤ ਦੇ ਵੀਰ ਫੰਡ’ 'ਚੋਂ 15 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ। ਸਰਕਾਰ ਵਲੋਂ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਰਾਸ਼ੀ ਵਿਭਾਗੀ ਮਦਦ ਤੋਂ ਇਲਾਵਾ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲਾ ਨੇ ਸੁਰੱਖਿਆ ਬਲਾਂ ਵਲੋਂ ਭੇਜੇ ਗਏ ਇਸ ਪ੍ਰਸਤਾਵ ਨੂੰ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ।
ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਕੋਰੋਨਾ ਸ਼ਹੀਦਾਂ ਦਾ ਵੇਰਵਾ ਭਾਰਤ ਦੇ ਵੀਰ ਪੋਰਟਲ 'ਤੇ ਅਪਲੋਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਸਿੱਧੇ ਮਦਦ ਦੇਣ ਲਈ ਉਨ੍ਹਾਂ ਦੀ ਅਕਾਊਂਟ ਡਿਟੇਲ ਵੀ ਸ਼ੇਅਰ ਕੀਤੀ ਜਾਵੇਗੀ। ਉਥੇ ਹੀ ਜਿਹੜੇ ਲੋਕ ਭਾਰਤ ਦੇ ਵੀਰ ਫੰਡ 'ਚ ਸਿੱਧੇ ਦਾਨ ਕਰਣਾ ਚਾਹੁੰਦੇ ਹਨ ਉਹ ਸਿੱਧੇ ਵੀ ਦਾਨ ਕਰ ਸਕਦੇ ਹਨ। ਦੇਸ਼ਭਰ 'ਚ ਹੁਣ ਤੱਕ 39 ਜਵਾਨਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।