ਸਿਪਾਹੀ ਨੇ ਵਿਆਹੁਤਾ ਹੋਣ ਦੀ ਗੱਲ ਲੁਕਾ ਕੇ ਕੀਤੇ 3 ਵਿਆਹ, ਸਸਪੈਂਡ

05/21/2018 12:55:45 PM

ਪੂਣੇ— ਮਹਾਰਾਸ਼ਟਰ 'ਚ ਪੂਣੇ ਦੇ ਸਵਾਰਗੇਟ ਥਾਣੇ 'ਚ ਤਾਇਨਾਤ ਇਕ ਸਿਪਾਹੀ ਨੂੰ ਤਿੰਨ ਵਿਆਹ ਕਰਨੇ ਭਾਰੀ ਪੈ ਗਏ। ਪੁਲਸ ਵਿਭਾਗ ਨੂੰ ਹਨ੍ਹੇਰੇ 'ਚ ਰੱਖ ਕੇ ਤਿੰਨ ਵਿਆਹ ਕਰਨ ਦੇ ਦੋਸ਼ 'ਚ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੀ ਦੂਜੀ ਪਤਨੀ ਨੇ ਹੀ ਦੋਸ਼ ਲਗਾਇਆ ਕਿ ਸਿਪਾਹੀ ਨੇ ਤਿੰਨ ਵਿਆਹ ਕੀਤੇ ਹਨ ਅਤੇ ਤਿੰਨੋਂ ਪਤਨੀਆਂ ਤੋਂ ਉਸ ਨੇ ਇਹ ਗੱਲ ਲੁਕਾ  ਕੇ ਰੱਖੀ ਸੀ। 
ਪੁਲਸ ਨੇ ਦੱਸਿਆ ਕਿ ਸਿਪਾਹੀ ਵਿਜੈ ਜਾਧਵ ਦਾ ਪਹਿਲੀ ਪਤਨੀ ਨਾਲ ਬਾਰਾਮਤੀ ਕੋਰਟ 'ਚ ਤਿੰਨ ਸਾਲ ਤੋਂ ਵਿਵਾਦ ਚੱਲ ਰਿਹਾ ਸੀ ਪਰ ਉਸ ਨੇ ਗੁਪਤ ਤਰੀਕੇ ਨਾਲ 24 ਦਸੰਬਰ 2016 ਨੂੰ ਇਕ ਦੂਜੀ ਔਰਤ ਨਾਲ ਵਿਆਹ ਕਰ ਲਿਆ। ਔਰਤ ਨੇ ਦੱਸਿਆ ਕਿ ਸਿਪਾਹੀ ਅਤੇ ਉਸ ਦੇ ਪਰਿਵਾਰਕ ਮੈਬਰਾਂ ਨੇ ਇਹ ਗੱਲ ਲੁਕਾ  ਕੇ ਰੱਖੀ ਕਿ ਉਹ ਪਹਿਲੇ ਤੋਂ ਸ਼ਾਦੀਸ਼ੁੱਦਾ ਹੈ ਅਤੇ ਉਸ ਦਾ ਹੁਣ ਤੱਕ ਤਲਾਕ ਨਹੀਂ ਹੋਇਆ ਹੈ। 
ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਕੁਝ ਦਿਨਾਂ ਬਾਅਦ ਵਿਜੈ ਦੇ ਵਿਆਹੁਤਾ ਹੋਣ ਦੀ ਗੱਲ ਪਤਾ ਚਲੀ ਤਾਂ ਉਸ ਨੇ ਵਿਜੈ ਤੋਂ ਸਵਾਲ ਕੀਤੇ। ਇਸ ਤੋਂ ਨਾਰਾਜ਼ ਹੋ ਕੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸ ਦੇ ਬਾਅਦ ਉਸ ਨੂੰ ਰੋਜ਼ ਤੰਗ ਕਰਨ ਲੱਗਾ। ਉਹ ਜਾਨ ਬਚਾ ਕੇ ਆਪਣੇ ਪੇਕੇ ਚਲੀ ਗਈ। ਦੂਜੀ ਪਤਨੀ ਦੇ ਪੇਕੇ ਜਾਂਦੇ ਹੀ ਵਿਜੈ ਨੇ ਤੀਜੇ ਵਿਆਹ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ। 12 ਦਸੰਬਰ 2017 ਨੂੰ ਉਸ ਨੇ ਤੀਜਾ ਵਿਆਹ ਕਰ ਲਿਆ ਅਤੇ ਇਸ ਦੌਰਾਨ ਉਸ ਨੇ ਆਪਣੀਆਂ ਪਹਿਲੀਆਂ ਦੋਵੇਂ ਪਤਨੀਆਂ ਦੀ ਗੱਲ ਲੁਕਾ  ਕੇ ਰੱਖੀ। ਔਰਤ ਦਾ ਦੋਸ਼ ਹੈ ਕਿ ਵਿਜੈ ਨੇ ਤੀਜੇ ਵਿਆਹ 'ਚ ਲੜਕੀ ਵਾਲਿਆਂ ਤੋਂ 50,000 ਰੁਪਏ ਦਾਜ 'ਚ ਲਏ।
ਜਦੋਂ ਵਿਜੈ ਦੀ ਦੂਜੀ ਪਤਨੀ ਨੂੰ ਉਸ ਦੇ ਤੀਜੇ ਵਿਆਹ ਦੀ ਗੱਲ ਪਤਾ ਚਲੀ ਤਾਂ ਉਸ ਨੇ ਲੋਨੀਖੰਡ ਥਾਣੇ 'ਚ 11 ਅਪ੍ਰੈਲ 2018 ਨੂੰ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਵਿਜੈ, ਪਿਤਾ ਲਕਸ਼ਮਣ ਅਤੇ ਉਸ ਦੇ ਭਰਾ ਖਿਲਾਫ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ। 
ਕਮਿਸ਼ਨਰ ਪੁਲਸ ਪ੍ਰਵੀਣ ਮੁੰਡੇ ਨੇ ਦੱਸਿਆ ਕਿ ਉਚ ਅਧਿਕਾਰੀਆਂ ਨੂੰ ਜਦੋਂ ਵਿਜੈ ਦੇ ਤਿੰਨ ਵਿਆਹ ਕਰਨ ਦੀ ਸ਼ਿਕਾਇਤ ਪੁੱਜੀ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਸਸਪੈਂਡ ਕਰ ਦਿੱਤਾ। ਵਿਭਾਗ ਨੇ ਉਸ ਦੇ ਇਸ ਕੰਮ ਨੂੰ ਗੰਭੀਰ ਅਤੇ ਗਲਤ ਮੰਨਦੇ ਹੋਏ ਕਾਰਵਾਈ ਕਰਨ ਨੂੰ ਕਿਹਾ ਹੈ।


Related News