ਰੋਹਤਾਂਗ ਦੱਰੇ ਸਮੇਤ ਲਾਹੌਲ ਤੇ ਮਨਾਲੀ ਦੀਆਂ ਚੋਟੀਆਂ ’ਤੇ ਬਰਫਬਾਰੀ
Monday, Dec 06, 2021 - 10:35 AM (IST)
ਸ਼ਿਮਲਾ/ਮਨਾਲੀ– ਮੌਸਮ ਦੇ ਕਰਵਟ ਬਦਲਦੇ ਹੀ ਰੋਹਤਾਂਗ ਦੱਰੇ ਸਮੇਤ ਲਾਹੌਲ ਅਤੇ ਮਨਾਲੀ ਦੀਆਂ ਚੋਟੀਆਂ ’ਤੇ ਬਰਫਬਾਰੀ ਦਾ ਕ੍ਰਮ ਸ਼ੁਰੂ ਹੋ ਗਿਆ ਹੈ। ਹਾਲਾਂਕਿ ਮਨਾਲੀ ਦੇ ਉਚਾਈ ਵਾਲੇ ਖੇਤਰਾਂ ਵਿਚ ਹੀ ਬਰਫ ਦੇ ਢਿੱਗਾਂ ਡਿੱਗ ਰਹੀਆਂ ਹਨ ਪਰ ਲਾਹੌਲ-ਸਪਿਤੀ ਦੀ ਸਮੁੱਚੀ ਘਾਟੀ ਬਰਫ ਨਾਲ ਢਕ ਗਈ ਹੈ। ਜ਼ਿਲ੍ਹੇ ਵਿਚ ਬੱਸ ਸੇਵਾ ਪ੍ਰਭਾਵਿਤ ਹੋਣ ਦੇ ਨਾਲ ਹੀ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਧੁੱਪ ਖਿੜਣ ਤੋਂ ਬਾਅਦ ਰੋਹਤਾਂਗ ਸਮੇਤ ਕੁੰਜਮ, ਸ਼ਿੰਕੁਲਾ ਅਤੇ ਬਾਰਾਲਾਚਾ ਦੱਰੇ ਵਿਚ ਸਵੇਰ ਤੋਂ ਬਰਫ ਦੀਆਂ ਢਿੱਗਾਂ ਡਿੱਗ ਰਹੀਆਂ ਹਨ। ਸਾਰੇ ਦੱਰੇ ਤਾਜ਼ਾ ਬਰਫਬਾਰੀ ਨਾਲ ਨਿੱਖਰ ਗਏ ਹਨ।
ਅਟਨ ਟਨਲ ਦੇ ਦੋਵਾਂ ਕੰਢਿਆਂ ਨਾਰਥ ਅਤੇ ਸਾਊਥ ਵਿਚ ਵੀ ਸਵੇਰ ਤੋਂ ਬਰਫਬਾਰੀ ਹੋ ਰਹੀ ਹੈ। ਲਾਹੌਲ-ਸਪਿਤੀ ਜ਼ਿਲੇ ਦੇ ਤਮਾਮ ਖੇਤਰਾਂ ਵਿਚ ਬਰਫਬਾਰੀ ਹੋ ਰਹੀ ਹੈ। ਨਾਰਥ ਪੋਰਟਲ ਤੋਂ ਸਿੱਸੂ ਤੱਕ ਲਗਭਗ 1 ਫੁੱਟ ਬਰਫਬਾਰੀ ਹੋਈ ਹੈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਸੈਲਾਨੀਆਂ ਨੂੰ ਅਟਲ ਟਨਲ ਤੋਂ ਅੱਗੇ ਆਉਣ ਦੀ ਇਜਾਜ਼ਤ ਨਹੀਂ ਹੈ। ਲਾਹੌਲ-ਸਪਿਤੀ ਅਤੇ ਕਿੰਨੌਰ ਜ਼ਿਲਿਆਂ ਵਿਚ ਲੋਕਾਂ ਨੂੰ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਅਜੇ ਕਈ ਸੜਕਾਂ ਬੰਦ ਹਨ ਅਤੇ ਕਈ ਖੇਤਰਾਂ ਵਿਚ ਬਿਜਲੀ ਵਿਵਸਥਾ ਵੀ ਬਹਾਲ ਨਹੀਂ ਹੋ ਸਕੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿਚ ਮੌਸਮ ਅਜੇ ਖਰਾਬ ਰਹਿਣ ਦੇ ਆਸਾਰ ਹਨ।
12 ਸੜਕਾਂ ਤੇ 71 ਬਿਜਲੀ ਟਰਾਂਸਫਾਰਮਰ ਠੱਪ
ਸੂਬੇ ਦੇ ਵਧੇਰੇ ਉੱਚੇ ਖੇਤਰਾਂ ’ਚ ਬਰਫਬਾਰੀ ਕਾਰਨ 12 ਸੜਕਾਂ ਆਵਾਜਾਈ ਕਾਰਨ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ’ਚ ਇਕੱਲੇ ਲਾਹੌਲ-ਸਪਿਤੀ ਜ਼ਿਲੇ ਵਿਚ 10 ਸੜਕਾਂ ਅਤੇ ਕੁੱਲੂ ਤੇ ਚੰਬਾ ਜ਼ਿਲ੍ਹੇ ਵਿਚ ਇਕ-ਇਕ ਸੜਕ ਬੰਦ ਹੈ। ਸੂਬਾ ਆਫਤ ਮੈਨੇਜਮੈਂਟ ਅਥਾਰਿਟੀ ਮੁਤਾਬਕ ਸੜਕਾਂ ਤੋਂ ਇਲਾਵਾ 71 ਬਿਜਲੀ ਟਰਾਂਸਫਾਰਮਰ ਵੀ ਠੱਪ ਪਏ ਹਨ। ਇਸ ਨਾਲ ਦਰਜਨਾਂ ਪਰਿਵਾਰ ਬੀਤੇ 2 ਦਿਨਾਂ ਤੋਂ ਹਨੇ੍ਹਰੇ ਵਿਚ ਹਨ। ਲਾਹੌਲ-ਸਪਿਤੀ ਜ਼ਿਲੇ੍ਹ ਵਿਚ ਸਭ ਜ਼ਿਆਦਾ 65 ਟਰਾਂਸਫਾਰਮਰਾਂ ਤੋਂ ਬਿਜਲੀ ਸਪਲਾਈ ਬੰਦ ਪਈ ਹੈ, ਜਦਕਿ ਕਿੰਨੌਰ ਵਿਚ 5 ਅਤੇ ਕੁੱਲੂ ਵਿਚ ਇਕ ਟਰਾਂਸਫਾਰਮਰ ਬੰਦ ਪਿਆ ਹੈ।