ਅਮਰਨਾਥ ਯਾਤਰਾ ਤੋਂ ਪਹਿਲਾਂ ਗੁਫ਼ਾ ਨੇੜੇ ਹੋਈ ਬਰਫ਼ਬਾਰੀ
Sunday, Jun 19, 2022 - 09:40 AM (IST)
ਜੰਮੂ/ਕੇਲਾਂਗ/ਸ਼ਿਮਲਾ (ਅਰੀਜ਼/ਬਿਊਰੋ/ਰਾਜੇਸ਼)- ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ’ਚ ਪਵਿੱਤਰ ਅਮਰਨਾਥ ਗੁਫਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਹੋਈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 21 ਜੂਨ ਤੱਕ ਮੌਸਮ ਇਸ ਤਰ੍ਹਾਂ ਦਾ ਹੀ ਰਹੇਗਾ। ਉਨ੍ਹਾਂ ਕਿਹਾ ਕਿ ਅਮਰਨਾਥ ਗੁਫਾ ’ਚ ਜ਼ਮੀਨ ’ਤੇ 1 ਤੋਂ 2 ਇੰਚ ਬਰਫ ਜਮ੍ਹਾ ਹੋ ਗਈ ਹੈ। ਬਾਲਟਾਲ ਨੇੜੇ ਕੈਂਪ ਕਰ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ 43 ਦਿਨਾਂ ਦੀ ਅਮਰਨਾਥ ਯਾਤਰਾ ’ਤੇ ਸ਼ਰਧਾਲੂਆਂ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ਤੋਂ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ 30 ਜੂਨ ਨੂੰ ਰਵਾਨਾ ਕੀਤਾ ਜਾਵੇਗਾ।
ਹਿਮਾਚਲ ਦੇ ਰੋਹਤਾਂਗ ਸਮੇਤ ਬਰਾਲਾਚਾ ਦੱਰੇ ’ਚ ਵੀ ਬਰਫਬਾਰੀ
ਓਧਰ ਹਿਮਾਚਲ ਦੇ ਰੋਹਤਾਂਗ, ਬਰਾਲਾਚਾ ਅਤੇ ਸ਼ਿੰਕੁਲਾ ਦੱਰੇ ਸਮੇਤ ਸਾਰੀਆਂ ਪਹਾੜੀਆਂ ’ਤੇ ਬਰਫਬਾਰੀ ਦਾ ਸਿਲਸਿਲਾ ਜਾਰੀ ਹੈ। ਪਹਾੜੀਆਂ ’ਤੇ ਬਰਫਬਾਰੀ ਅਤੇ ਘਾਟੀ ਦੇ ਹੇਠਲੇ ਇਲਾਕਿਆਂ ’ਚ ਮੀਂਹ ਪਿਆ। ਮੈਦਾਨੀ ਇਲਾਕਿਆਂ ਤੋਂ ਠੰਡੇ ਮੌਸਮ ਦਾ ਆਨੰਦ ਲੈਣ ਮਨਾਲੀ ਅਤੇ ਲਾਹੌਲ ਆਉਣ ਵਾਲੇ ਸੈਲਾਨੀਆਂ ਨੂੰ ਜੂਨ ਦੇ ਮਹੀਨੇ ਵੀ ਬਰਫਬਾਰੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ’ਚ ਪ੍ਰੀ-ਮਾਨਸੂਨ ਦੇ ਮੀਂਹ ਨੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਦਿੱਤੀ ਹੈ।