ਜੰਮੂ-ਕਸ਼ਮੀਰ ’ਚ ਬਰਫ਼ ਦੀ ਸਫੈਦ ਚਾਦਰ ਨਾਲ ਢੱਕੇ ਪਹਾੜ, ਮੁਗਲ ਰੋਡ ਬੰਦ
Sunday, Nov 06, 2022 - 03:19 PM (IST)
ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਗੁਲਮਰਗ ਸਮੇਤ ਕਸ਼ਮੀਰ ਘਾਟੀ ਦੀਆਂ ਉੱਚੀਆਂ ਪਹਾੜੀਆਂ ’ਚ ਬਰਫ਼ਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਜੰਮੂ ਖੇਤਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਨਾਲ ਜੋੜਨ ਵਾਲਾ ਮੁਗਲ ਰੋਡ ਐਤਵਾਰ ਨੂੰ ਬੰਦ ਹੋ ਗਿਆ। ਸ਼੍ਰੀਨਗਰ ਦੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਵਿਚ ਮੀਂਹ ਪੈਣ , ਬਰਫ਼ਬਾਰੀ ਹੋਣ ਦਾ ਅਨੁਮਾਨ ਜਤਾਇਆ ਹੈ।
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਜੰਮੂ ਖੇਤਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਮੁਗਲ ਰੋਡ ਨੂੰ ਅੱਜ ਪੀਰ ਦੀ ਗਲੀ ’ਚ ਹੋਈ ਬਰਫ਼ਬਾਰੀ ਮਗਰੋਂ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਜੋੜਨ ਵਾਲੀ ਸ਼੍ਰੀਨਗਰ-ਸੋਨਮਰਗ-ਗੁਮਰੀ ਰੋਡ ਵੀ ਅੱਜ ਜੋਜਿਲਾ ਦਰੱਰੇ ’ਤੇ ਬਰਫ਼ਬਾਰੀ ਕਾਰਨ ਬੰਦ ਕਰ ਦਿੱਤਾ ਗਿਆ।
ਆਵਾਜਾਈ ਪੁਲਸ ਨੇ ਟਵੀਟ ਕੀਤਾ ਕਿ ਸ਼੍ਰੀਨਗਰ-ਜੰਮੂ ਹਾਈਵੇਅ ’ਤੇ ਆਵਾਜਾਈ ਨਿਯਮਿਤ ਰੂਪ ਨਾਲ ਚੱਲ ਰਹੀ ਹੈ। ਉੱਤਰੀ ਕਸ਼ਮੀਰ ਦੇ ਪ੍ਰਸਿੱਧ ਸਕੀ ਰਿਜ਼ਾਰਟ ਗੁਲਮਰਗ ’ਚ ਬਰਫ਼ਬਾਰੀ ਹੋਣ ਨਾਲ ਸੈਲਾਨੀ ਬਰਫ਼ ਦਾ ਆਨੰਦ ਮਾਣਦੇ ਦਿੱਸੇ। ਗੁਲਮਰਗ ਕਸ਼ਮੀਰ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਐਤਵਾਰ ਨੂੰ ਘੱਟ ਤੋਂ ਘੱਟ ਤਾਪਮਾਨ 0 ਤੋਂ 3.6 ਡਿਗਰੀ ਸੈਲਸੀਅਸ ਹੇਠਾਂ ਚੱਲਾ ਗਿਆ ਅਤੇ ਇਸ ਦੌਰਾਨ 16.8 ਮਿਲੀਮੀਟਰ ਮੀਂਹ ਵੀ ਪਿਆ।