ਸਮਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਦੱਸਿਆ ''ਛੋਟਾ ਭੀਮ''

Monday, Mar 26, 2018 - 04:20 PM (IST)

ਸਮਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਦੱਸਿਆ ''ਛੋਟਾ ਭੀਮ''

ਨਵੀਂ ਦਿੱਲੀ— ਡਾਟਾ ਲੀਕ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਦਰਮਿਆਨ ਟਵਿੱਟਰ ਵਾਰ ਸ਼ੁਰੂ ਹੋ ਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 'ਨਮੋ ਐਪ' ਤੋਂ ਲੋਕਾਂ ਦਾ ਨਿੱਜੀ ਡਾਟਾ ਲੀਕ ਹੋਣ ਦੇ ਕਥਿਤ ਖੁਲਾਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ 'ਬਿਗ ਬੌਸ' ਹਨ ਅਤੇ ਕਿਸੇ ਦੀ ਵੀ ਜਾਸੂਸੀ ਕਰ ਸਕਦੇ ਹਨ। ਉੱਥੇ ਹੀ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਆਪਣੀ ਐਪ ਰਾਹੀਂ ਜਨਤਾ ਦੀ ਨਿੱਜੀ ਜਾਣਕਾਰੀ ਸਿੰਗਾਪੁਰ ਭੇਜ ਰਹੀ ਹੈ। ਇਸ ਦੋਸ਼ਾਂ ਦੀ ਲੜਾਈ 'ਚ ਭਾਜਪਾ ਦੇ ਕੇਂਦਰੀ ਮੰਤਰੀ ਵੀ ਆ ਗਏ ਹਨ।
ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਰਾਹੁਲ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ। ਸਮਰਿਤੀ ਨੇ ਟਵੀਟ ਕਰਦੇ ਹੋਏ ਰਾਹੁਲ ਦੀ ਤੁਲਨਾ ਕਾਰਟੂਨ ਛੋਟਾ ਭੀਮ ਨਾਲ ਕਰ ਦਿੱਤੀ। ਸਮਰਿਤੀ ਨੇ ਲਿਖਿਆ ਕਿ ਰਾਹੁਲ ਜੀ ਇੱਥੇ ਤੱਕ ਕਿ ਛੋਟਾ ਭੀਮ ਵੀ ਜਾਣਦਾ ਹੈ ਕਿ ਐਪ 'ਤੇ ਪੁੱਛੀ ਗਈ ਆਮ ਜਾਣਕਾਰੀ ਦੀ ਜਾਸੂਸੀ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਰਾਹੁਲ ਨੇ ਐਤਵਾਰ ਨੂੰ ਕਿਹਾ ਸੀ ਕਿ ਮੋਦੀ 'ਨਮੋ ਐਪ' ਰਾਹੀਂ ਲੋਕਾਂ ਦੀ ਜਾਣਕਾਰੀ ਆਪਣੇ ਵਿਦੇਸ਼ੀ ਦੋਸਤਾਂ ਨਾਲ ਸ਼ੇਅਰ ਕਰ ਰਹੇ ਹਨ। ਇਸ ਤੋਂ ਬਾਅਦ ਭਾਜਪਾ ਦੇ ਆਈ.ਟੀ. ਸੈੱਲ ਦੇ ਹੈੱਡ ਅਮਿਤ ਮਾਲਵੀਏ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਕਾਂਗਰਸ ਦੀ ਮੈਂਬਰਸ਼ਿਪ ਵੈੱਬਸਾਈਟ ਤੋਂ ਲੋਕਾਂ ਦੀ ਜਾਣਕਾਰੀ ਸਿੰਗਾਪੁਰ ਜਾ ਰਹੀ ਹੈ। ਇਸ ਨਾਲ ਕਾਂਗਰਸ ਆਪਣੇ ਹੀ ਜਾਲ 'ਚ ਫਸ ਗਈ ਅਤੇ ਇਹ ਖਬਰ ਮੀਡੀਆ 'ਚ ਆਉਣ ਤੋਂ ਬਾਅਦ ਪਾਰਟੀ ਨੇ ਆਪਣੀ ਐਪ ਹਟਾ ਦਿੱਤੀ।


Related News