ਮਾਤਮ ''ਚ ਬਦਲੀਆਂ ਖੁਸ਼ੀਆਂ, ਦੀਵਾਲੀ ''ਤੇ ਘਰ ਜਾ ਰਹੇ ਲੋਕਾਂ ਨਾਲ ਵਾਪਰਿਆ ਭਾਣਾ
Thursday, Oct 31, 2024 - 11:53 AM (IST)
ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ 'ਚ ਦੀਵਾਲੀ ਦੇ ਤਿਉਹਾਰ 'ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਇਕ ਟੈਂਪੂ ਅਤੇ ਟਰੈਕਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 5 ਲੋਕ ਜ਼ਖਮੀ ਹੋ ਗਏ ਹਨ। ਟੈਂਪੂ 'ਤੇ ਸਵਾਰ ਲੋਕ ਨੋਇਡਾ 'ਚ ਕੰਮ ਕਰਦੇ ਸਨ ਅਤੇ ਦੀਵਾਲੀ 'ਤੇ ਟੈਂਪੋ ਬੁੱਕ ਕਰਵਾ ਕੇ ਆਪਣੇ ਘਰ ਪਰਤ ਰਹੇ ਸਨ। ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮਚ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਨੋਇਡਾ ਤੋਂ ਦੀਵਾਲੀ ਮਨਾਉਣ ਕੁਝ ਲੋਕ ਆਪਣੇ ਘਰ ਆ ਰਹੇ ਸਨ, ਸਵੇਰੇ ਕਰੀਬ 7 ਵਜੇ ਉਨ੍ਹਾਂ ਦਾ ਟੈਂਪੂ ਮੁਜਰੀਆ ਕਸਬੇ ਕੋਲ ਪਹੁੰਚਿਆ ਤਾਂ ਪਿੰਡ ਤੋਂ ਨਿਕਲੀ ਇਕ ਟਰੈਕਟਰ-ਟਰਾਲੀ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਵੀ ਟੈਂਪੂ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਡਿਵਾਈਡਰ ਵਿਚ ਜਾ ਟਕਰਾਇਆ। ਹਾਦਸੇ ਮਗਰੋਂ ਕਾਰ ਸਵਾਰ ਉੱਥੋਂ ਦੌੜ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਦੇ ਪਰਖੱਚੇ ਉੱਡ ਗਏ। ਚੀਕ-ਪੁਕਾਰ ਮਚਣ ਮਗਰੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ ਇਕ ਗਰਭਵਤੀ ਮਹਿਲਾ ਵੀ ਸ਼ਾਮਲ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨਿਧੀ ਸ਼੍ਰੀਵਾਸਤਵ ਅਤੇ ਸੀਨੀਅਰ ਪੁਲਸ ਕਪਤਾਨ ਬ੍ਰਜੇਸ਼ ਸਿੰਘ ਵੀ ਉੱਥੇ ਪਹੁੰਚ ਗਏ। ਇਸ ਦਰਦਨਾਕ ਘਟਨਾ ਤੋਂ ਬਾਅਦ ਸੜਕ 'ਤੇ ਇੰਨਾ ਖੂਨ ਅਤੇ ਮਾਸ ਦੇ ਟੁਕੜੇ ਫੈਲ ਗਏ ਕਿ ਪੁਲਸ ਨੂੰ ਤੂੜੀ ਨਾਲ ਢੱਕਣਾ ਪਿਆ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਅਤੁਲ (31) ਵਾਸੀ ਮਿਰਜ਼ਾਪੁਰ, ਕਨਹਾਈ (35) ਵਾਸੀ ਬਰੇਲੀ, ਉਸ ਦੀ ਪਤਨੀ ਕੁਸੁਮ (30), ਪੁੱਤਰ ਕਾਰਤਿਕ (8) ਅਤੇ ਪੁੱਤਰੀ ਸ਼ੀਨੂ (5) ਵਜੋਂ ਹੋਈ ਹੈ। ਅਜੇ ਤੱਕ ਇਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 5 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।