ਏਮਜ਼ ਦੇ ਬਾਹਰ ''ਨਰਕ'' ਵਰਗੀ ਸਥਿਤੀ, ਕੇਂਦਰ ਅਤੇ ਦਿੱਲੀ ਸਰਕਾਰ ਜ਼ਿੰਮੇਵਾਰ: ਰਾਹੁਲ

Saturday, Jan 18, 2025 - 12:44 PM (IST)

ਏਮਜ਼ ਦੇ ਬਾਹਰ ''ਨਰਕ'' ਵਰਗੀ ਸਥਿਤੀ, ਕੇਂਦਰ ਅਤੇ ਦਿੱਲੀ ਸਰਕਾਰ ਜ਼ਿੰਮੇਵਾਰ: ਰਾਹੁਲ

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਏਮਜ਼) ਦੇ ਬਾਹਰ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ 'ਨਰਕ' ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਲਈ ਕੇਂਦਰ ਅਤੇ ਦਿੱਲੀ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਦੱਸ ਦੇਈਏ ਕਿ ਹਾਲ ਹੀ 'ਚ ਰਾਹੁਲ ਗਾਂਧੀ ਨੇ ਏਮਜ਼ ਦੇ ਬਾਹਰ ਕਈ ਮਰੀਜ਼ਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਸੀ। ਸਾਬਕਾ ਕਾਂਗਰਸ ਪ੍ਰਧਾਨ ਨੇ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਦੀ ਵੀਡੀਓ ਪੋਸਟ ਕੀਤੀ। ਉਸ ਨੇ ਇਹ ਵੀਡੀਓ 'ਐਕਸ' 'ਤੇ ਪੋਸਟ ਕਰਕੇ ਦਾਅਵਾ ਕੀਤਾ ਕਿ ਏਮਜ਼ ਦੇ ਬਾਹਰ ਹਾਲਾਤ ਨਰਕ ਵਰਗੇ ਹਨ।

ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀਆਂ ਕੇਂਦਰ ਅਤੇ ਦਿੱਲੀ ਸਰਕਾਰਾਂ ਨੇ ਇਸ ਮਨੁੱਖੀ ਸੰਕਟ ਵੱਲ ਕਿਉਂ ਅੱਖਾਂ ਫੇਰੀਆਂ ਹੋਈਆਂ ਹਨ? ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ ਕਿ ਰਾਸ਼ਟਰੀ ਸਿਹਤ ਸੰਭਾਲ ਪ੍ਰਣਾਲੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਅਤੇ ਮਰੀਜ਼ ਦਿੱਲੀ ਦੇ ਏਮਜ਼ 'ਚ ਸਸਤੇ ਅਤੇ ਸਹੀ ਇਲਾਜ ਦੀ ਉਮੀਦ 'ਚ ਭਾਰੀ ਕੀਮਤ ਅਦਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਮੈਂ ਮਰੀਜ਼ਾਂ ਅਤੇ ਸਹੂਲਤਾਂ ਦੀ ਸਥਿਤੀ ਜਾਣਨ ਲਈ ਦਿੱਲੀ ਦੇ ਬਾਹਰ ਏਮਜ਼ ਪਹੁੰਚਿਆ- ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਜੋ ਇਲਾਜ ਦੀ ਆਸ 'ਚ ਇੱਥੇ ਆਏ ਹਨ, ਸੜਕਾਂ ਅਤੇ ਸਬਵੇਅ 'ਤੇ ਠੰਡ ਅਤੇ ਗੰਦਗੀ 'ਚ ਰਹਿਣ ਲਈ ਮਜਬੂਰ ਹਨ। ਉਹ ਆਪਣੇ ਸਿਰ 'ਤੇ ਛੱਤ, ਪੇਟ 'ਚ ਭੋਜਨ ਅਤੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ।

ਉਨ੍ਹਾਂ ਅਨੁਸਾਰ ਕੈਂਸਰ ਤੋਂ ਲੈ ਕੇ ਦਿਲ ਦੀਆਂ ਤਕਲੀਫਾਂ ਤੱਕ ਹਰ ਪਰਿਵਾਰ ਦੀ ਅਜਿਹੀ ਦਰਦਨਾਕ ਕਹਾਣੀ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼, ਬਿਹਾਰ, ਅਸਾਮ ਵਰਗੇ ਦੂਰ-ਦੁਰਾਡੇ ਸੂਬਿਆਂ ਤੋਂ ਇਲਾਜ ਲਈ ਆਉਣ ਵਾਲੇ ਇਨ੍ਹਾਂ ਲੋਕਾਂ ਲਈ ਇੱਥੇ ਕੋਈ ਪ੍ਰਬੰਧ ਨਹੀਂ ਹੈ। ਉਹ ਸਿਰਫ਼ ਇਕ ਉਮੀਦ ਨਾਲ ਦਿੱਲੀ ਆਏ ਹਨ, ਹੋ ਸਕਦਾ ਹੈ ਕਿ ਉਹ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਠੀਕ ਹੋ ਜਾਣ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਬੀਮਾਰਾਂ ਦੀ ਦੇਖਭਾਲ, ਸਹੂਲਤਾਂ ਅਤੇ ਇਲਾਜ ਕਿਸੇ ਵੀ ਸਰਕਾਰ ਦੀ ਸਭ ਤੋਂ ਬੁਨਿਆਦੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਵਿਚ ਸੂਬਾ ਅਤੇ ਕੇਂਦਰ ਸਰਕਾਰਾਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀਆਂ ਹਨ। 


author

Tanu

Content Editor

Related News