''ਆਪ੍ਰੇਸ਼ਨ ਸਿੰਦੂਰ'' ਮਗਰੋਂ ਕੇਂਦਰ ਸਰਕਾਰ ਨੇ ਸੱਦੀ ਆਲ ਪਾਰਟੀ ਮੀਟਿੰਗ
Wednesday, May 07, 2025 - 01:41 PM (IST)

ਨਵੀਂ ਦਿੱਲੀ- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦਾ ਭਾਰਤ ਨੇ ਬਦਲਾ ਲੈ ਲਿਆ ਹੈ। ਭਾਰਤ ਨੇ ਏਅਰ ਸਟਰਾਈਕ ਜ਼ਰੀਏ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਇਸ ਨੂੰ ਆਪ੍ਰੇਸ਼ਨ ਸਿੰਦੂਰ ਦਾ ਨਾਂ ਦਿੱਤਾ ਗਿਆ। ਇਸ ਕਾਰਵਾਈ ਮਗਰੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਬੈਠਕ ਕੀਤੀ ਅਤੇ ਇਸ ਆਪ੍ਰੇਸ਼ਨ ਦੀ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੱਤੀ। ਉੱਥੇ ਹੀ ਕੇਂਦਰ ਸਰਕਾਰ ਨੇ ਭਲਕੇ 11 ਵਜੇ ਆਲ ਪਾਰਟੀ ਮੀਟਿੰਗ ਸੱਦੀ ਹੈ। ਇਸ ਬੈਠਕ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ। ਇਸ ਤੋਂ ਇਲਾਵਾ ਇਸ ਬੈਠਕ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਵੀ ਮੌਜੂਦ ਰਹਿਣਗੇ।
ਇਸ ਮੀਟਿੰਗ ਲਈ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਡੀ. ਐਮ.ਕੇ, ਸ਼ਿਵ ਸੈਨਾ (ਯੂ.ਬੀ.ਟੀ), ਐਨ.ਸੀ.ਪੀ, ਬਸਪਾ ਅਤੇ ਹੋਰ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਸਾਰੀਆਂ ਪਾਰਟੀਆਂ ਨੂੰ ਰਾਸ਼ਟਰੀ ਹਿੱਤ ਵਿੱਚ ਇਕਜੁੱਟ ਹੋਣ ਦਾ ਸੱਦਾ ਦੇਵੇਗੀ। ਪ੍ਰਧਾਨ ਮੰਤਰੀ ਨੇ ਕੈਬਨਿਟ ਬੈਠਕ ਵਿਚ ਕਿਹਾ ਸੀ ਕਿ ਇਹ ਸਮਾਂ ਸਿਆਸੀ ਮਤਭੇਦਾਂ ਦਾ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ 'ਤੇ ਇਕ ਸੁਰ ਵਿਚ ਬੋਲਣ ਦਾ ਹੈ।