ਖ਼ਤਰੇ ਦੇ ਸਾਇਰਨ ਵੱਜਣ ਤੋਂ ਪਹਿਲਾਂ ਦਿੱਲੀ ''ਚ ਵਧਾਈ ਗਈ ਸੁਰੱਖਿਆ
Tuesday, May 06, 2025 - 05:37 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਬੁੱਧਵਾਰ ਨੂੰ ਹੋਣ ਵਾਲੇ ਮੌਕ ਡ੍ਰਿਲ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਨੇ ਦਿੱਲੀ ਦੇ ਵੱਖ-ਵੱਖ ਖੇਤਰਾਂ 'ਚ ਦਿਨ-ਰਾਤ ਗਸ਼ਤ ਵਧਾ ਦਿੱਤੀ ਹੈ। ਪੁਲਸ ਵਲੋਂ ਸੈਲਾਨੀਆਂ ਅਤੇ ਬਾਜ਼ਾਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕਨਾਟ ਪਲੇਸ, ਇੰਡੀਆ ਗੇਟ, ਜਨਪਥ, ਯਸ਼ਵੰਤ ਪੈਲੇਸ, ਗੋਲ ਮਾਰਕੀਟ ਅਤੇ ਹੋਰ ਮਹੱਤਵਪੂਰਨ ਅਦਾਰਿਆਂ ਸਮੇਤ ਮੁੱਖ ਖੇਤਰਾਂ ਨੂੰ ਕਵਰ ਕਰਨ ਲਈ ਵਿਸ਼ੇਸ਼ ਗਸ਼ਤ ਇਕਾਈਆਂ ਤਾਇਨਾਤ ਕੀਤੀਆਂ ਗਈਆਂ ਹਨ।
ਮੰਗਲਵਾਰ ਸਵੇਰ ਤੋਂ ਹੀ ਇਕ ਪੁਲਸ ਟੀਮ ਕਨਾਟ ਪਲੇਸ 'ਚ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੀ ਹੈ। ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਅਭਿਸ਼ੇਕ ਧਨੀਆ ਨੇ ਕਿਹਾ ਕਿ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਮੰਨਦੇ ਹੋਏ ਨਾਗਰਿਕਾਂ ਅਤੇ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਪੂਰਬੀ ਜ਼ਿਲ੍ਹਾ ਪੁਲਸ ਨੇ ਮੁੱਖ ਪ੍ਰਵੇਸ਼ ਅਤੇ ਨਿਕਾਸ ਸਥਾਨਾਂ 'ਤੇ ਵਾਹਨਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਸਰਗਰਮ ਉਪਾਅ ਦਾ ਉਦੇਸ਼ ਸੰਭਾਵੀ ਅੱਤਵਾਦੀ ਖਤਰਿਆਂ ਨੂੰ ਰੋਕਣਾ ਹੈ। ਅਸੀਂ ਇਸ ਸਮੇਂ ਦੌਰਾਨ ਸਾਰੇ ਨਿਵਾਸੀਆਂ ਅਤੇ ਯਾਤਰੀਆਂ ਤੋਂ ਸਹਿਯੋਗ ਦੀ ਬੇਨਤੀ ਕਰਦੇ ਹਾਂ।
ਦੱਖਣੀ-ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਸੁਰੇਂਦਰ ਚੌਧਰੀ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਪੁਲਸ ਟੀਮਾਂ ਵੱਖ-ਵੱਖ ਖੇਤਰਾਂ 'ਚ ਪੈਦਲ ਗਸ਼ਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਭਾਈਚਾਰਕ ਚੌਕਸੀ ਨੂੰ ਮਜ਼ਬੂਤ ਕਰਨਾ, ਸਖ਼ਤ ਨਜ਼ਰ ਰੱਖਣਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਾਰੇ ਡੀ.ਸੀ.ਪੀਜ਼ ਨੂੰ ਤਿਆਰੀਆਂ ਲਈ ਇਕ ਵਿਸਥਾਰਪੂਰਵਕ ਯੋਜਨਾ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ. ਸੀ. ਪੀਜ਼) ਨੇ ਰਾਸ਼ਟਰੀ ਰਾਜਧਾਨੀ 'ਚ ਗਸ਼ਤ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ।