PM ਦਫਤਰ ਪਹੁੰਚੇ ਚੀਫ ਜਸਟਿਸ ਤੇ ਰਾਹੁਲ ਗਾਂਧੀ, ਨਵੇਂ CBI ਡਾਇਰੈਕਟਰ ਦੀ ਨਿਯੁਕਤੀ ’ਤੇ ਹੋਈ ਚਰਚਾ
Tuesday, May 06, 2025 - 10:24 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੀ. ਬੀ. ਆਈ. ਡਾਇਰੈਕਟਰ ਦੀ ਨਿਯੁਕਤੀ ਲਈ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਵੀ ਸ਼ਾਮਲ ਹੋਏ। ਇਹ ਮੁਲਾਕਾਤ ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਹੋਈ। ਇਹ ਮੀਟਿੰਗ 25 ਮਈ ਨੂੰ ਮੌਜੂਦਾ ਸੀ. ਬੀ. ਆਈ. ਡਾਇਰੈਕਟਰ ਪਰਵੀਨ ਸੂਦ ਦੇ 2 ਸਾਲ ਦੇ ਕਾਰਜਕਾਲ ਦੇ ਪੂਰੇ ਹੋਣ ਤੋਂ ਪਹਿਲਾਂ ਹੋਈ ਹੈ।
ਕਰਨਾਟਕ ਕੇਡਰ ਦੇ 1986 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸੂਦ ਆਪਣੀ ਨਿਯੁਕਤੀ ਤੋਂ ਪਹਿਲਾਂ ਸੂਬੇ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਸਨ। ਉਨ੍ਹਾਂ ਨੇ 25 ਮਈ, 2023 ਨੂੰ ਪ੍ਰਮੁੱਖ ਜਾਂਚ ਏਜੰਸੀ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਸੀ। ਸੀ. ਬੀ. ਆਈ. ਡਾਇਰੈਕਟਰ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ 3 ਮੈਂਬਰੀ ਨਿਯੁਕਤੀ ਕਮੇਟੀ ਦੀ ਸਿਫ਼ਾਰਸ਼ ’ਤੇ ਕੀਤੀ ਜਾਂਦੀ ਹੈ ਜਿਸਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦੇ ਹਨ ਅਤੇ ਇਸ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਰਤ ਦੇ ਚੀਫ ਜਸਟਿਸ ਸ਼ਾਮਲ ਹੁੰਦੇ ਹਨ।