ਚੀਨ ਦੇ ਵੁਹਾਨ ਵਰਗੇ ਹੋ ਰਹੇ ਮੁੰਬਈ ਦੇ ਹਾਲਾਤ, 1 ਦਿਨ ''ਚ 218 ਨਵੇਂ ਮਾਮਲੇ, 10 ਦੀ ਮੌਤ
Friday, Apr 10, 2020 - 08:21 PM (IST)
ਮੁੰਬਈ — ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਬੂਰੀ ਤਰ੍ਹਾਂ ਕੋਰੋਨਾ ਦੀ ਚਪੇਟ 'ਚ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਹਾਲਾਤ ਹੌਲੀ-ਹੌਲੀ ਚੀਨ ਦੇ ਵੁਹਾਨ ਵਰਗੇ ਹੋਣ ਲੱਗੇ ਹਨ। ਸ਼ੁੱਕਰਵਾਰ ਨੂੰ ਇਕ ਹੀ ਦਿਨ 'ਚ ਸਿਰਫ ਮੁੰਬਈ 'ਚ ਕੋਰੋਨਾ ਦੇ 218 ਨਵੇਂ ਮਾਮਲੇ ਸਾਹਮਣੇ ਆਏ। ਨਾਲ ਹੀ ਨਾਲ ਕੋਰੋਨਾ ਦੇ 10 ਮਰੀਜ਼ਾਂ ਨੇ ਦਮ ਤੋੜ ਦਿੱਤਾ। ਹੁਣ ਤਕ ਮੁੰਬਈ ਸ਼ਹਿਰ 'ਚ ਹੀ ਕੁਲ 64 ਲੋਕਾਂ ਦੀ ਕੋਰੋਨਾ ਦੇ ਚੱਲਦੇ ਮੌਤ ਹੋ ਚੁੱਕੀ ਹੈ।
ਗ੍ਰੇਟਰ ਮੁੰਬਈ ਮਹਾਨਗਰ ਪਾਲਿਕਾ (ਬੀ.ਐੱਮ.ਸੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਕੁਲ 218 ਮਰੀਜ਼ਾਂ ਨੂੰ ਕੋਰੋਨਾ ਪੀੜਤ ਪਾਇਆ ਗਿਆ। ਇਸ ਤਰ੍ਹਾਂ ਮੁੰਬਈ 'ਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 993 ਹੋ ਗਈ ਹੈ। ਸ਼ੁੱਕਰਵਾਰ ਨੂੰ ਹੀ ਮੁੰਬਈ 'ਚ 10 ਲੋਕਾਂ ਦੀ ਜਾਨ ਚਲੀ ਗਈ। ਉਥੇ ਹੀ ਚਾਰ ਲੋਕ ਸ਼ੁੱਕਰਵਾਰ ਨੂੰ ਠੀਕ ਹੋ ਗਏ। ਮੁੰਬਈ 'ਚ ਕੋਰੋਨਾ ਦੇ ਚੱਲਦੇ ਕੁਲ ਠੀਕ ਹੋਏ ਲੋਕਾਂ ਦੀ ਗਿਣਤੀ 69 ਹੋ ਚੁੱਕੀ ਹੈ।
'ਮਾਤੋਸ਼ਰੀ' ਤੋਂ ਧਾਰਾਵੀ ਤਕ ਫੈਲਿਆ ਕੋਰੋਨਾ
ਮੁੰਬਈ 'ਚ ਕੋਰੋਨਾ ਦਾ ਹਾਲ ਇਹ ਹੈ ਕਿ ਇਕ ਪਾਸੇ ਝੁੱਗੀ-ਬਸਤੀ ਵਾਲੇ ਇਲਾਕੇ ਧਾਰਾਵੀ 'ਚ ਵੀ ਕੋਰੋਨਾ ਦੇ ਮਾਮਲੇ ਪਾਏ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਉਧਵ ਠਾਕਰੇ ਦੇ ਘਰ 'ਮਾਤੋਸ਼ਰੀ' ਦੇ ਕੋਲ ਚਾਹ ਵਾਲੇ ਨੂੰ ਵੀ ਕੋਰੋਨਾ ਤੋਂ ਪੀੜਤ ਪਾਇਆ ਗਿਆ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ 'ਮਾਤੋਸ਼ਰੀ' ਦੇ ਨੇੜਲੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਦੂਜੇ ਪਾਸੇ ਧਾਰਾਵੀ 'ਚ ਵੀ ਸਾਰੀਆਂ ਦੁਕਾਰਾਂ ਬੰਦ ਕਰ ਦਿੱਤੀਆਂ ਗਈਆਂ ਹਨ।